Punjab

ਮਾਲਵਿੰਦਰ ਕੰਗ ਦੇ ਦਲ-ਬਦਲੂਆਂ ਬਾਰੇ ਬਿਆਨ ‘ਤੇ ਮਜੀਠੀਆ ਦਾ ਜਵਾਬ, ਕਿਹਾ ‘ਪਲਟੂ ਰਾਮ ਤਾਂ ਤੁਸੀ ਸਾਰੇ ਹੋ ਜੋ ਬੈਠੇ ਹੋ’

ਮੁਹਾਲੀ : ਪੰਜਾਬ ਦੀ ਜਲੰਧਰ ਪੱਛਮੀ ਸੀਟ ‘ਤੇ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨਾਲ ਹੀ ਹਰ ਪਾਰਟੀ ਦੇ ਸੀਨੀਅਰ ਆਗੂ ਵੀ ਜਲੰਧਰ ਆਉਣ ਲੱਗੇ ਹਨ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸ਼੍ਰੀ ਆਨੰਦਪੁਰ ਸਾਹਿਬ ਸੀਟ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਜਲੰਧਰ ਆਏ ਸਨ, ਜਿਨ੍ਹਾਂ ਨੇ ਨੇਤਾਵਾਂ ਦੀ ਦਲ-ਬਦਲੂਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਸੀ।

ਮਾਲਵਿੰਦਰ ਸਿੰਘ ਕੰਗ ਨੇ ਜਦੋਂ ਇਹ ਗੱਲ ਕਹੀ ਤਾਂ ਇੱਕ ਪਾਸੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਅਤੇ ਦੂਜੇ ਪਾਸੇ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਜਲੰਧਰ ਪੱਛਮੀ ਹਲਕੇ ਤੋਂ ਉਮੀਦਵਾਰ ਮਹਿੰਦਰ ਭਗਤ ਬੈਠੇ ਸਨ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਸ ਸਬੰਧੀ ਮਾਲਵਿੰਦਰ ਕੰਗ ਅਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਪਲਟੂ ਰਾਮ ਤਾਂ ਤੁਸੀ ਸਾਰੇ ਹੋ ਜੋ ਬੈਠੇ ਹੋ

ਮਜੀਠੀਆ ਨੇ ਕਿਹਾ ਕਿ ਆਪ ਦੇ ਬੁਲਾਰੇ ਅਤੇ ਲੋਕ ਸਭਾ ਮੈਂਬਰ ਮਲਵਿੰਦਰ ਕੰਗ ਵੱਲੋਂ ਆਮ ਆਦਮੀ ਪਾਰਟੀ ਦੀ ਹਾਰ ਦਾ ਠੀਕਰਾ ਅਫ਼ਸਰਸ਼ਾਹੀ ਸਿਰ ਭੰਨਿਆ ਹੈ।

ਮਜੀਠੀਆ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਕੀ ਵੋਟਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੈਣੀਆਂ ਸਨ ਜਾਂ ਅਫ਼ਸਰਾਂ ਨੇ ਪਾਉਣੀਆਂ ਸਨ। ਮਜੀਠੀਆ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਅਫ਼ਸਰਸ਼ਾਹੀ ਤੇ ਕੀਤੇ ਬਿਆਨ ਤੇ ਨੋਟਿਸ ਲੈਣ ਦੀ ਅਪੀਲ ਕਰਦਾ ਹਾਂ ਅਤੇ ਬਣਦੀ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਜਿਮਨੀ ਚੋਣਾਂ ਸੁਚੱਜੇ ਢੰਗ ਨਾਲ ਕਰਵਾਈਆਂ ਜਾ ਸਕਣ।

ਵਰਣਨਯੋਗ ਹੈ ਕਿ ਇੱਕ ਵੀਡੀਓ ਵਿੱਚ ਮਲਵਿੰਦਰ ਕੰਗ ਪਲਟੂ ਰਾਮ ਤੋਂ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਨੇ ਜਦਕਿ ਪਲਟੂ ਰਾਮ ਤਾਂ ਤੁਸੀ ਸਾਰੇ ਹੋ ਜੋ ਬੈਠੇ ਹੋ। ਮਹਿਜ਼ ਭਾਸ਼ਣਾਂ ਨਾਲ ਕੁਝ ਨਹੀਂ ਹੋਣਾ ਲੋੜ ਹੈ ਲੋਕਾਂ ਨੂੰ ਕੰਮ ਕਰਕੇ ਦਿਖਾਉਣ ਦੀ।

ਇਸ ਤੋਂ ਬਾਅਦ ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਵਿੱਚੋਂ ਪਲਟੀ ਮਰਵਾ ਕੇ ਆਪਣੇ ਸੱਜੇ-ਖੱਬੇ ਬਿਠਾ ਕੇ ਮਾਲਵਿੰਦਰ ਕੰਗ  ਬਿਲਕੁਲ ਦਰੁਸਤ ਅਪੀਲ ਕਰ ਰਹੇ ਹਨ, “ਲੋਕ ਸਭਾ ਚੋਣਾਂ ਦੀ ਤਰ੍ਹਾਂ ਇਹਨਾਂ ਪਲਟੂ ਰਾਮਾਂ ਨੂੰ ਵੋਟ ਰਾਹੀਂ ਜਵਾਬ ਦੇਣ ਜਲੰਧਰ ਵਾਸੀ।