ਬਿਉਰੋ ਰਿਪੋਰਟ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅੱਜ ਵੀ ਪਟਿਆਲਾ ਵਿੱਚ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਨਹੀਂ ਹੋਣਗੇ। ਦੋ ਦਿਨ ਪਹਿਲਾਂ ਮਜੀਠੀਆ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਸੀ, ਪਰ ਉਨ੍ਹਾਂ ਨੇ ਐਸਆਈਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਵੱਲੋਂ ਦਾਇਰ ਕੇਸ ਦੀ ਸੁਣਵਾਈ ਅੰਮ੍ਰਿਤਸਰ ਵਿੱਚ ਚੱਲ ਰਹੀ ਸੀ।
ਮਜੀਠੀਆ ਵੱਲੋਂ ਪਟਿਆਲਾ ਦੀ ਐਸ.ਆਈ.ਟੀ ਨੂੰ ਭੇਜੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ 23 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਰੈਗੂਲਰ ਜ਼ਮਾਨਤ ਸਬੰਧੀ ਸੁਣਵਾਈ ਹੈ। ਉਨ੍ਹਾਂ ਨੇ ਆਪਣਾ ਕੇਸ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਦੀ ਤਿਆਰੀ ਕਰਨੀ ਹੈ ਅਤੇ ਇਸ ਲਈ ਉਹ ਨਵੀਂ ਦਿੱਲੀ ਵਿੱਚ ਹਨ। ਜਿਸ ਕਾਰਨ ਉਨ੍ਹਾਂ ਦੀ ਤਰੀਕ 23 ਜੁਲਾਈ ਤੋਂ ਬਾਅਦ ਹੀ ਰੱਖੀ ਜਾਵੇ। ਪਰ ਐਸਆਈਟੀ ਵੱਲੋਂ 20 ਜੁਲਾਈ ਨੂੰ ਮੁੜ ਸੰਮਨ ਭੇਜੇ ਗਏ।
ਅੰਮ੍ਰਿਤਸਰ ਦੀ ਅਦਾਲਤ ’ਚ ਪਹੁੰਚ ਕੇ ਮਜੀਠੀਆ ਨੇ SIT ’ਤੇ ਹੀ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਐਸਆਈਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ। ਗ੍ਰਹਿ ਮੰਤਰਾਲਾ ਭਗਵੰਤ ਮਾਨ ਕੋਲ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਜ਼ਿੰਮੇਵਾਰੀ ਵੀ ਭਗਵੰਤ ਮਾਨ ਦੀ ਹੈ। ਉਨ੍ਹਾਂ ਦੀ ਜਾਂਚ ਡੀਜੀਪੀ ਪੱਧਰ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਜਾਂਚ ਇੰਸਪੈਕਟਰ ਪੱਧਰ ਤੱਕ ਪਹੁੰਚ ਗਈ ਹੈ।
ਵੀਰਵਾਰ ਨੂੰ ਮਜੀਠੀਆ ਦੇ ਪਟਿਆਲਾ ਨਾ ਪਹੁੰਚਣ ਤੋਂ ਬਾਅਦ SIT ਵੱਲੋਂ ਉਸੇ ਦਿਨ ਬਿਕਰਮ ਮਜੀਠੀਆ ਨੂੰ ਨਵਾਂ ਸੰਮਨ ਭੇਜਿਆ ਗਿਆ। ਜਿਸ ਵਿੱਚ ਉਨ੍ਹਾਂ ਨੂੰ ਸ਼ਨੀਵਾਰ ਨੂੰ ਪਟਿਆਲਾ ਆ ਕੇ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਕਾਂਗਰਸ ਸਰਕਾਰ ਵੇਲੇ ਦਰਜ ਹੋਇਆ ਸੀ ਇਹ ਕੇਸ
ਪੁਲੀਸ ਨੇ ਮਜੀਠੀਆ ਖ਼ਿਲਾਫ਼ ਇਹ ਕੇਸ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ 20 ਦਸੰਬਰ 2021 ਨੂੰ ਦਰਜ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਵੀ ਜਾਣਾ ਪਿਆ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਮਜੀਠੀਆ ਨੇ ਇਲਜ਼ਾਮ ਲਾਇਆ ਹੈ ਕਿ ਜਿਸ ਕੇਸ ਵਿੱਚ ਉਹ ਜੇਲ੍ਹ ਵਿੱਚ ਹਨ, ਉਸ ਵਿੱਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਉਸ ਕੋਲੋਂ ਕੋਈ ਵਸੂਲੀ ਨਹੀਂ ਹੋਈ ਹੈ।