Punjab

ਮਜੀਠੀਆ ਸਮਰਥਕਾਂ ਨੂੰ ਮੁਹਾਲੀ ਆਉਣ ਤੋਂ ਰੋਕਿਆ, ਪੰਜਾਬ ਭਰ ‘ਚ ਅਕਾਲੀ ਲੀਡਰ ਤੇ ਵਰਕਰ ਕੀਤੇ ਨਜ਼ਰਬੰਦ

ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਪੁਲਿਸ ਰਿਮਾਂਡ ਅੱਜ, 2 ਜੁਲਾਈ 2025 ਨੂੰ ਖਤਮ ਹੋ ਰਿਹਾ ਹੈ, ਅਤੇ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸੇ ਦੌਰਾਨ  ਉਨ੍ਹਾਂ ਦੇ ਸਮਰਥਕਾਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਿਸ ਉਨ੍ਹਾਂ ਨੂੰ ਮੁਹਾਲੀ ਪਹੁੰਚਣ ਤੋਂ ਰੋਕ ਰਹੀ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਸਵੇਰੇ 4 ਵਜੇ ਤੋਂ ਪੁਲਿਸ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕੇ ਨਜ਼ਰਬੰਦ ਕਰ ਰਹੀ ਹੈ।

  •  ਅੰਮ੍ਰਿਤਸਰ ਤੋਂ ਮੁਹਾਲੀ ਜਾ ਰਿਹਾ ਸਮਰਥਕਾਂ ਦਾ ਕਾਫਲਾ ਬਿਆਸ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੂੰ ਟਾਂਡਾ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਲਿਆ ਹੈ।  ਮਜੀਠੀਆ ਦੀ ਅਦਾਲਤੀ ਪੇਸ਼ੀ ਨੂੰ ਰੋਕਣ ਲਈ ਪੁਲਿਸ ਨੇ ਇਹ ਕਾਰਵਾਈ ਕੀਤੀ।
  • ਦੀਨਾਨਗਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੂੰ ਉਹਨਾਂ ਦੇ ਘਰ ਤੋ ਤੜਕੇ ਸਵੇਰੇ 4 ਵੱਜੇ ਅਤੇ ਸਰਪੰਚ ਦਲਬੀਰ ਸਿੰਘ ਭਟੋਆ, ਭੁਪਿੰਦਰ ਸਿੰਘ ਸਰਕਲ ਪ੍ਰਧਾਨ ਸਹੁਵਾਲ, ਸਰਬਜੀਤ ਸਿੰਘ ਲਾਲੀਆ ਸਰਕਲ ਪ੍ਰਧਾਨ ਪੁਰਾਣਾ ਸ਼ਾਲਾ ਯੂਥ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਆਦਿ ਨੂੰ ਪੁਲਿਸ ਨਾਕਾ ਦਹੋਵਾਲ ਤੋ ਰੋਕ ਲਗਾ ਕੇ ਥਾਣਾ ਪੁਰਾਣਾ ਸ਼ਾਲਾ ਵਿੱਚ ਨਜ਼ਰਬੰਦ ਕੀਤਾ।
  • ਨੰਬਰਦਾਰ ਸੰਦੀਪ ਸਿੰਘ ਕਲੋਤਾ ਨੂੰ ਘਰ ਵਿੱਚ ਪਿੰਡ ਕਲੌਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਵੱਲੋ ਡਿਟੇਨ ਕੀਤਾ ਗਿਆ। ਸੰਦੀਪ ਸਿੰਘ ਕਲੋਤਾ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਕੇਸ ਪਾਏ ਜਾ ਰਹੇ ਨੇ ਅਤੇ ਉਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ। ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਆਮ ਆਦਮੀ ਸਰਕਾਰ ਦੀ ਧੱਕੇਸ਼ਾਹੀ ਹੈ ।
  • ਫਰੀਦਕੋਟ ਤੋਂ ਚੰਡੀਗੜ੍ਹ ਵਿਖੇ ਬਿਕਰਮ ਮਜੀਠੀਆ ਦੀ ਪੇਸ਼ੀ ਤੇ ਜਾ ਰਹੇ ਯੂਥ ਅਕਾਲੀ ਦਲ ਦੇ 8-10 ਆਗੂਆਂ ਨੂੰ ਫਰੀਦਕੋਟ ਪੁਲਿਸ ਨੇ ਹਿਰਾਸਤ ‘ਚ ਲਿਆ ਹੈ।ਪਿੰਡ ਚੰਦਬਾਜਾ ਵਿਖੇ ਨੈਸ਼ਨਲ ਹਾਈਵੇ 54 ਤੇ ਜਾਂਦਿਆਂ ਨੂੰ ਰੋਕਿਆ।
  • ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਕਾਲੀ ਕੋਂਸਲਰ ਇੰਦਰਜੀਤ ਸਿੰਘ ਪੰਡੋਰੀ, ਸਾਬਕਾ ਕੋਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਗੁਰਦਿਆਲ ਸਿੰਘ ਭੁੱਲਰ ਅਤੇ ਸਾਥੀਆਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈ।
  • ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਅੱਜ ਮੁਹਾਲੀ ਨੂੰ ਭਾਰੀ ਜਥਾ ਰਵਾਨਾ ਹੋਣਾ ਸੀ ਇਸ ਤੋਂ ਪਹਿਲਾਂ ਹੀ ਅੱਜ ਪੁਲਿਸ ਵੱਲੋਂ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।

ਦੱਸ ਦਈਏ ਕਿ ਬੀਤੇ ਦਿਨ ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਅਤੇ ਜਾਂਚ ਲਈ ਮਜੀਠਾ ਲੈ ਗਈ।