Punjab

‘ਤੁਸੀਂ ਕਹਿੰਦੇ ਹੋ ਸਰਕਾਰ ਤੁਹਾਡੇ ਦੁਆਰ!’ ‘ਫਿਰ ਅਸਿਸਟੈਂਟ ਲਾਇਬ੍ਰੇਰੀਅਨ ਤੇ ਪ੍ਰੋਫੈਸਰਾਂ ਨੂੰ ਪੁਲਿਸ ਨੇ ਕਿਉਂ ਚੁੱਕਿਆ?’

ਬਿਉਰੋ ਰਿਪੋਰਟ – ਜਲੰਧਰ ਵਿੱਚ ਜਿੱਥੇ ਸੀਐਮ ਭਗਵੰਤ ਮਾਨ ਜ਼ਿਮਨੀ ਚੋਣ ਲਈ ਰੋਡ ਸ਼ੋਅ ਕਰ ਰਹੇ ਹਨ ਉੱਥੇ ਉਨ੍ਹਾਂ ਦੇ ਸ਼ਹਿਰ ਵਿੱਚ ਮੌਜੂਦ ਹੁੰਦੀਆਂ ਪ੍ਰਦਰਸ਼ਨ ਕਰ ਰਹੇ ਅਸਿਸਟੈਂਟ ਲਾਇਬ੍ਰੇਰੀਅਨ ਤੇ ਪ੍ਰੋਫੈਸਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ’ਤੇ ਸਵਾਲ ਚੁੱਕੇ ਹਨ।

ਮਜੀਠੀਆ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਲੰਧਰ ਪੱਛਮੀ ਦੇ ਜ਼ਿਮਨੀ ਚੋਣ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ-ਕੱਲ੍ਹ ਜਲੰਧਰ ਵਿਖੇ ਰਿਹਾਇਸ਼ ਕੀਤੀ ਹੋਈ ਹੈ, ਜਿੱਥੇ 1158 ਅਸਿਸਟੈਂਟ ਲਾਇਬ੍ਰੇਰੀਅਨ ਅਤੇ ਪ੍ਰੋਫੈਸਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

ਪਰ ਜਦ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਤਾਂ ਪੁਲਿਸ ਨੇ ਸਭ ਨੂੰ ਗ੍ਰਿਫ਼ਤਾਰ ਕਰ ਲਿਆ। 1158 ਫਰੰਟ ਦੀ ਪ੍ਰਧਾਨ ਪ੍ਰੋਫੈਸਰ ਜਸਵਿੰਦਰ ਕੌਰ ਜੋ ਕਿ ਚੱਲਣ-ਫਿਰਨ ਤੋਂ ਅਸਮਰੱਥ ਹਨ ਅਤੇ ਵੀਲ੍ਹ ਚੇਅਰ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਵੀ ਪੁਲਿਸ ਵੈਨ ਵਿੱਚ ਲਜਾਇਆ ਗਿਆ।

ਮਜੀਠੀਆ ਨੇ ਸਵਾਲ ਚੁੱਕਿਆ ਹੈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ‘ਸਰਕਾਰ ਤੁਹਾਡੇ ਦੁਆਰ’ ਵਰਗੀਆਂ ਗੱਲਾਂ ਕਰ ਰਹੀ ਹੈ, ਤੇ ਉੱਥੇ ਹੀ ਆਪਣੀ ਗੱਲ ਰੱਖਣ ਆਏ 1158 ਫਰੰਟ ਦੇ ਨੁਮਾਇੰਦਿਆਂ ਨੂੰ ਆਪਣੀ ਗੱਲ ਨਾ ਰੱਖਣ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਦਾ ਵਾਅਦਾ ਸੀ ਕਿ ਸਭ ਤੋਂ ਪਹਿਲਾਂ ਹਰੇ ਪੈੱਨ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੀ ਫਾਈਲ ’ਤੇ ਦਸਤਖ਼ਤ ਕਰਾਂਗਾ। ਪਰ 1158 ਫਰੰਟ ਪਿਛਲੇ ਦੋ ਸਾਲ ਤੋਂ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਧਰਨੇ ’ਤੇ ਬੈਠੇ ਹਨ ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।

ਮਜੀਠੀਆ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਹ ਪੰਜਾਬ ਦੇ ਪੜ੍ਹੇ-ਲਿਖੇ ਅਤੇ ਕਾਬਿਲ ਨੌਜਵਾਨ ਹਨ, ਕਿਰਪਾ ਕਰਕੇ ਇਨ੍ਹਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਤੇ ਇਨ੍ਹਾਂ ਦੀ ਗੱਲ ਸੁਣ ਕੇ ਜਲਦ ਤੋਂ ਜਲਦ ਇਨ੍ਹਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਣ।