Punjab

ਨੀਂਹ ਪੱਥਰ ਤੋੜਨ ਵਾਲੇ ਵਿਧਾਇਕ ‘ਤੇ ਮਜੀਠੀਆ ਨੇ ਕਸਿਆ ਤੰਜ, ਕਿਹਾ ਗੋਗੀ CM ਦੇ ਝੂਠੇ ਪ੍ਰਚਾਰ ਦਾ ਪੱਥਰ ਗਿਰਾਉਣ

ਮੁਹਾਲੀ : ਲੰਘੇ ਕੱਲ੍ਹ ਲੁਧਿਆਣਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਬੱਸੀ ਨੇ ਬੁੱਢੇ ਨਾਲੇ ਦੀ ਸਾਫ ਸਫਾਈ ਦੇ ਰੋਸ਼ ਵਜੋਂ ਆਪਣਾ ਲੱਗਿਆ ਨੀਹ ਪੱਥਰ ਤੋੜ ਦਿੱਤਾ ਹੈ।   ਜਿਸ ‘ਤੇ ਅਕਾਲੀ ਦਲ ਦੇ ਸੀਨੀਅਰ ਬਿਕਰਮ ਸਿੰਘ ਮਜੀਠੀਆ ਨੇ ਤੰਜ ਕਸਿਆ ਹੈ।

ਮਜੀਠੀਆ ਨੇ ਕਿਹਾ- ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਦੇ ਸਖ਼ਤ ਖਿਲਾਫ ਸੀ। ਤੁਸੀਂ ਆਪ ਕਹਿੰਦੇ ਸੀ ਕਿ ਅਸੀਂ ਕੋਈ ਨੀਂਹ ਪੱਥਰ ਨਹੀਂ ਰੱਖਾਂਗੇ ਪਰ ਕੰਮ ਕਰਾਂਗੇ। ਝੂਠ ਦਾ ਨੀਂਹ ਪੱਥਰ ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਲਈ ਹਟਾ ਦਿੱਤਾ ਕਿਉਂਕਿ ਉਹ ਕੰਮ ਨਹੀਂ ਕਰ ਸਕੇ।

ਇੱਕ ਟਵੀਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਸੱਤਾ ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ VIP CULTURE ਦੇ ਸਖ਼ਤ ਖਿਲਾਫ਼ ਸੀ। ਉਨ੍ਹਾਂ ਨੇ ਕਿਹਾ ਕਿ ‘ਆਪ’ ਵਾਲੇ ਖੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨੀਂਹ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਦਿਖਾਵਾਂਗੇ।

ਮਜੀਠੀਆ ਨੇ ਕਿਹਾ ਕਿ ਲੁਧਿਆਣਾ ਤੋਂ MLA ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨੀਂਹ ਪੱਥਰ ਹਟਾਇਆ ਗਿਆ ਕਿਉਂਕਿ ਉਹ ਕੰਮ ਨਹੀਂ ਕਰ ਪਾਏ। ਗੋਗੀ ਜੀ ਮੈਂ ਆਸ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਪੰਜਾਬ ਵਿੱਚ ਝੂਠ ਦੇ ਨੀਂਹ ਪੱਥਰ ਰੱਖੇ ਗਏ ਹਨ ਤੁਸੀਂ ਖੁਦ ਕਹੀ ਲੈ ਕੇ ਢਾੳਗੇ। ਮੇਰੇ ਮਨ ਚ ਤੁਹਾਡੇ ਲਈ ਪਹਿਲਾਂ ਵੀ ਕਦਰ ਹੈ ਇਸ ਨਾਲ ਹੋਰ ਵਧੇਗੀ। ਗੋਗੀ ਜੀ ਨੀਂਹ ਪੱਥਰ ਵੀ ਢਾਉ ਤੇ ਮੁੱਖ ਮੰਤਰੀ ਦੇ ਝੂਠੇ ਪ੍ਰਚਾਰ ਦੇ ਨੀਂਹ ਪੱਥਰ ਵੀ ਢਾਉ।

ਕੀ ਹੈ ਪੂਰਾ ਮਾਮਲਾ

ਕੱਲ੍ਹ ਵਿਧਾਇਕ ਗੁਰਪ੍ਰੀਤ ਗੋਗੀ ਨੇ ਹੈਬੋਵਾਲ ਪੁਲੀ ਬੁੱਢਾ ਦਰਿਆ ਨੇੜੇ ਆਪਣੇ ਨਾਂ ’ਤੇ ਰੱਖੇ ਨੀਂਹ ਪੱਥਰ ਨੂੰ ਹਟਾਇਆ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ’ਤੇ ਸਫ਼ਾਈ ਦਾ ਕੰਮ ਨਹੀਂ ਹੋ ਰਿਹਾ। ਅਧਿਕਾਰੀ ਉਸ ਦੀ ਗੱਲ ਨਹੀਂ ਸੁਣ ਰਹੇ ਇਸ ਲਈ ਉਸ ਦੇ ਨਾਂ ’ਤੇ ਰੱਖੇ ਨੀਂਹ ਪੱਥਰ ਨੂੰ ਹਟਾ ਰਹੇ ਹਨ।

ਜਦੋਂ ਵੀ ਉਹ ਬੁੱਢੇ ਦਰਿਆ ਤੋਂ ਲੰਘਦਾ ਸੀ ਤਾਂ ਇਹ ਨੀਂਹ ਪੱਥਰ ਉਸ ਨੂੰ ਚਿੜਾਉਂਦਾ ਸੀ ਕਿ ਉਹ ਬੁੱਢਾ ਦਰਿਆ ਦੀ ਸਫਾਈ ਨਹੀਂ ਕਰਵਾ ਸਕਦਾ। ਇਸ ਕਾਰਨ ਉਹ ਅਧਿਕਾਰੀਆਂ ਤੋਂ ਨਾਖੁਸ਼ ਹੋ ਗਏ ਅਤੇ ਨੀਂਹ ਪੱਥਰ ਪੁੱਟ ਦਿੱਤਾ। ਸ਼ਹਿਰ ਦੇ ਅਧਿਕਾਰੀ ਚੰਡੀਗੜ੍ਹ ਵਿਖੇ ਹਾਈਕਮਾਂਡ ਨੂੰ ਗਲਤ ਰਿਪੋਰਟਾਂ ਦੇ ਰਹੇ ਹਨ, ਜਿਸ ਕਾਰਨ ਬੁੱਢਾ ਦਰਿਆ ਦੀ ਸਫਾਈ ਦਾ ਕੰਮ ਰੁਕਿਆ ਹੋਇਆ ਹੈ।

ਗੋਗੀ ਨੇ ਕਿਹਾ ਕਿ ਜਿਸ ਕੰਪਨੀ ਨਾਲ ਸਫਾਈ ਦਾ ਠੇਕਾ ਹੋਇਆ ਹੈ, ਉਸ ਨਾਲ ਅਧਿਕਾਰੀਆਂ ਦੀ ਮਿਲੀਭੁਗਤ ਹੈ। ਬੁੱਢਾ ਦਰਿਆ ਦੀ ਸਫ਼ਾਈ ਕੀਤੇ ਬਿਨਾਂ ਹੀ ਉਸ ਕੰਪਨੀ ਨੂੰ ਹੁਣ ਤੱਕ 588 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਜਦੋਂਕਿ ਕੁੱਲ ਠੇਕਾ 650 ਕਰੋੜ ਰੁਪਏ ਦਾ ਹੈ। ਕੰਪਨੀ ਨੇ ਬਿਨਾਂ ਕੋਈ ਕੰਮ ਕੀਤੇ 90 ਫੀਸਦੀ ਲੋਕਾਂ ਦੀ ਮਿਹਨਤ ‘ਤੇ ਕਬਜ਼ਾ ਕਰ ਲਿਆ ਹੈ।