‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ‘ਚ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਮਜੀਠੀਆ ਦੀ ਗ੍ਰਿਫਤਾਰੀ ‘ਤੇ ਰੋਕ ਲਾਉਂਦਿਆਂ ਬੁੱਧਵਾਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਮਜੀਠੀਆ ਦੀ ਮੁਹਾਲੀ ਕੋਰਟ ਵੱਲੋਂ ਪੇਸ਼ਗੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਅਦਾਲਤ ਵੱਲੋਂ ਸੁਣਵਾਈ ਦੋ ਵਾਰ ਬਿਨਾਂ ਕਿਸੇ ਫੈਸਲੇ ਤੋਂ ਮੁਲਤਵੀ ਕਰ ਜਾਂਦੀ ਰਹੀ ਹੈ।
ਅਦਾਲਤ ਵਿੱਚ ਬਹਿਸ ਵੇਲੇ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਪੀ.ਚਿਦੰਬਰਮ ਨੇ ਕੇਸ ਦੀ ਪੈਰਵਾਈ ਕੀਤੀ ਹੈ। ਪੀ.ਚਿਦੰਬਰਮ ਨੇ ਜ਼ਮਾਨਤ ਦੇ ਵਿਰੋਧ ਵਿੱਚ 45 ਮਿੰਟ ਬਹਿਸ ਕੀਤੀ ਜਦਕਿ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਦੋ ਦਿਨ ਬਾਅਦ ਪੁਲਿਸ ਕੋਲ ਪੇਸ਼ ਹੋਣਾ ਪਵੇਗਾ ਪਰ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਬਰਕਰਾਰ ਰਹੇਗੀ। ਅਦਾਲਤ ਦੇ ਅੱਜ ਦੇ ਫੈਸਲੇ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵਾਸਤੇ ਵਿਧਾਨ ਸਭਾ ਚੋਣਾਂ ਲੜਨ ਲਈ ਰਾਹ ਪੱਧਰਾ ਹੋ ਗਿਆ ਹੈ। ਮੁਲਜ਼ਮ ਨੇ ਅਦਾਲਤ ਨੂੰ ਜਾਂਚ ਵਿੱਚ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਦਾਲਤ ਦੇ ਵਿਸਥਾਰਤ ਹੁਕਮਾਂ ਦੀ ਹਾਲੇ ਉਡੀਕ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਡੀਜੀਪੀ ਸਿਧਾਰਥ ਚੱਟੋਪਧਿਆਏ ਵੱਲੋਂ ਮਜੀਠੀਆ ਵਿਰੁੱਧ ਕੇਸ ਦਰਜ ਕਰਨ ਵਾਲੇ ਐੱਸਪੀ ਬਲਰਾਜ ਸਿੰਘ ਦੇ ਪੁੱਤਰ ਨੂੰ ਨਿਯਮਾਂ ਤੋਂ ਬਾਹਰ ਜਾ ਕੇ ਤਰੱਕੀ ਦੇਣ ਦਾ ਮਾਮਲਾ ਵੀ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 18 ਜਨਵਰੀ ਲਈ ਮੁਕੱਰਰ ਕੀਤੀ ਗਈ ਹੈ।