Punjab

ਮਜੀਠੀਆ ਨੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਕਿਉਂ ਕੀਤੀ ਅਪੀਲ, ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਲੀਡਰਾਂ ਦਾ ਸਵਾਗਤ ਕੀਤਾ। ਮਜੀਠੀਆ ਨੇ ਕਿਸਾਨਾਂ ਨੂੰ ਕੱਲ੍ਹ ਮੁਜ਼ੱਫ਼ਰਨਗਰ ਵਿੱਚ ਕੀਤੀ ਗਈ ਰੈਲੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਾਰੇ ਰਾਜਨੀਤਿਕ ਲੀਡਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ-ਦੂਜੇ ਖਿਲਾਫ ਕਿਸਾਨ ਝੰਡਿਆਂ ਥੱਲੇ ਜਾ ਕੇ ਵਿਰੋਧ ਕਰਨ ਦੀ ਥਾਂ ਰਾਜਨੀਤਿਕ ਪਾਰਟੀਆਂ ਨੂੰ ਕਿਸਾਨੀ ਮੁੱਦੇ ਉੱਤੇ ਇਕਜੁੱਟਤਾ ਦਿਖਾਉਣ ਦੀ ਲੋੜ ਹੈ। ਸਾਰੀ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਗ੍ਹਾ ਇੱਕ ਮੰਚ ‘ਤੇ ਇਕੱਠਾ ਹੋ ਕੇ ਕਿਸਾਨੀ ਮੁੱਦਿਆਂ ‘ਤੇ ਲੜਾਈ ਲੜਨੀ ਚਾਹੀਦੀ ਹੈ।

ਮਜੀਠੀਆ ਨੇ ਕਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਫਿਲਹਾਲ ਇਸ ਲਈ ਰੋਕੇ ਹਨ ਕਿਉਂਕਿ ਕੁੱਝ ਸ਼ਰਾਰਤੀ ਅਨਸਰ ਮਾਹੌਲ ਵਿਗਾੜਨਾ ਚਾਹੁੰਦੇ ਹਨ। ਮਜੀਠੀਆ ਨੇ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਹਾਲੇ ਤੱਕ ਕਿਸਾਨਾਂ ਦਾ ਸਿਰ ਪਾੜਨ ਲਈ ਹੁਕਮ ਦੇਣ ਵਾਲੇ ਐੱਸਡੀਐੱਮ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋਈ। ਉਨ੍ਹਾਂ ਨੇ ਹਰਜੀਤ ਗਰੇਵਾਲ ਵੱਲੋਂ ਇੱਕ ਔਰਤ ਪੱਤਰਕਾਰ ਲਈ ਵਰਤੀ ਗਈ ਭੈੜੀ ਸ਼ਬਦਾਵਲੀ ਦੀ ਨਿੰਦਾ ਕਰਦਿਆਂ ਗਰੇਵਾਲ ਨੂੰ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਕਿਸਾਨੀ ਸਬੰਧੀ ਜਿੰਨੇ ਵੀ ਐਲਾਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਹਨ, ਉਸਦਾ ਹਮੇਸ਼ਾ ਸਾਥ ਦਿੱਤਾ ਹੈ ਕਿਉਂਕਿ ਅਸੀਂ ਖੇਤੀ ਕਾਨੂੰਨ ਰੱਦ ਕਰਨਾ ਚਾਹੁੰਦੇ ਹਾਂ।

ਮਜੀਠੀਆ ਨੇ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਇਤਿਹਾਸ ਦੀਆਂ ਯਾਦਾਂ ਨੂੰ ਮਿਟਾ ਦਿੱਤਾ ਗਿਆ ਹੈ। ਉਸ ਸਮੇਂ ਦੇ ਲੱਗੇ ਖੂਨ ਦੇ ਧੱਬਿਆਂ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਰੰਗ-ਬਿਰੰਗੀਆਂ ਲਾਈਟਾਂ ਲਾ ਦਿੱਤੀਆਂ ਗਈਆਂ ਹਨ ਜੋ ਕਿ ਬਿਲਕੁਲ ਠੀਕ ਨਹੀਂ ਹੈ।