Punjab

ਮਜੀਠੀਆ ਨੇ ਸਵੀਕਾਰੀ ਸਿੱਧੂ ਦੀ ਚੁਣੌਤੀ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਿਧਾਨ ਸਭਾ ਹਲਕਾ ਮਜੀਠਾ ਤੋਂ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੁਣੌਤੀ ਨੂੰ ਸਵੀਕਾਰਦੇ ਹੋਏ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨਗੇ ਅਤੇ ਉਨ੍ਹਾਂ ਦੀ ਪਤਨੀ ਗਵੀਨ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠਾ ਹਲਕਾ ਤੋਂ ਚੋਣ ਲੜਨਗੇ।

ਇਸ ਮੌਕੇ ਮਜੀਠੀਆ ਨੇ ਕਿਹਾ ਕਿ ਹੁਣ ਲੜਾਈ ਸੱਚਾਈ ਦੀ ਹੈ ਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਦੀ ਭਲਾਈ ਦੀ ਹੈ। ਨਵਜੋਤ ਸਿੰਘ ਸਿੱਧੂ ਤੇ ਉੁਨ੍ਹਾਂ ਪਤਨੀ ਨਵਜੋਤ ਕੌਰ ਸਿੱਧੂ ਨੇ ਸਿਆਸਤ ਦੇ 18 ਸਾਲਾਂ ਵਿਚ ਹਲਕੇ ਦਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਸਿਰਫ ਲੋਕਾਂ ਨੂੰ ਧੋਖਾ ਹੀ ਦਿੱਤਾ। ਮਜੀਠੀਆ ਨੇ ਕਿਹਾ ਕਿ ਫੈਸਲਾ ਹੁਣ ਜਨਤਾ ਹੀ ਕਰੇਗੀ ਤੇ ਉਸ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਉਸ ਝੂਠੇ ਕੇਸ ਵਿਚ ਫਸਾਇਆ ਗਿਆ ਸੀ, ਜਿਸ ਵਿਚ ਜ਼ਮਾਨਤ ਵੀ ਨਹੀਂ ਹੋ ਸਕਦੀ ਸੀ। ਇਹ ਵਿਰੋਧੀਆਂ ਦੀ ਮੇਰੇ ਖਿਲਾਫ ਸਾ ਜ਼ਿਸ਼ ਸੀ ਤਾਂ ਜੋ ਮੈਂ ਚੋਣ ਨਾਲ ਲੜ ਸਕਾਂ ਪਰ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਨੂੰ ਜ਼ਮਾਨਤ ਮਿਲ ਗਈ ਤੇ ਮੈਂ ਚੋਣ ਮੈਦਾਨ ਵਿਚ ਸਿੱਧੂ ਖਿਲਾਫ ਉਤਰਿਆ ਹਾਂ। ਚੋਣ ਜਿੱਤਣ ਨਹੀਂ ਦਿਲ ਜਿੱਤਣ ਆਇਆ ਹਾਂ। ਲੋਕਾਂ ਦੇ ਪਿਆਰ ਕਰਕੇ ਸੇਵਾ ਕਰਦਾ ਹਾਂ। ਸਿੱਧੂ ਦੇ ਹੰਕਾਰ ਨੂੰ ਤੋੜਨਾ ਹੈ।