ਬਿਉਰੋ ਰਿਪੋਰਟ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨਿਆਂ ਨੂੰ 7 ਦਿਨ ਬੀਤ ਚੁੱਕੇ ਹਨ। ਭਾਜਪਾ, ਸ਼ਿਵ ਸੈਨਾ ਸ਼ਿੰਦੇ ਅਤੇ ਐਨਸੀਪੀ ਅਜੀਤ ਪਵਾਰ ਧੜੇ ਦੇ ਮਹਾਗਠਜੋੜ ਨੇ 288 ਵਿੱਚੋਂ 230 ਸੀਟਾਂ ਜਿੱਤੀਆਂ ਹਨ, ਪਰ ਹੁਣ ਤੱਕ ਸਹੁੰ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ।
ਸੂਤਰਾਂ ਮੁਤਾਬਕ ਏਕਨਾਥ ਸ਼ਿੰਦੇ ਉਪ ਮੁੱਖ ਮੰਤਰੀ ਦਾ ਅਹੁਦਾ ਲੈਣ ਲਈ ਤਿਆਰ ਹਨ, ਪਰ ਗ੍ਰਹਿ ਮੰਤਰਾਲੇ ’ਤੇ ਅੜੇ ਹਨ। 29 ਨਵੰਬਰ ਨੂੰ ਸ਼ਿੰਦੇ ਦਿੱਲੀ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਮੁੰਬਈ ਪਰਤੇ ਅਤੇ ਸਾਰੇ ਪ੍ਰੋਗਰਾਮ ਰੱਦ ਕਰਕੇ ਆਪਣੇ ਪਿੰਡ ਸਤਾਰਾ ਲਈ ਰਵਾਨਾ ਹੋ ਗਏ। ਪਿੰਡ ਵਿੱਚ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਮੁੰਬਈ ਤੋਂ ਡਾਕਟਰਾਂ ਦੀ ਟੀਮ ਪਹੁੰਚੀ ਹੈ।
ਇਸ ਦੌਰਾਨ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵੀ ਦੋ ਦਿਨ ਲਈ ਟਾਲ਼ ਦਿੱਤੀ ਗਈ ਹੈ। ਸੂਤਰਾਂ ਮੁਤਾਬਕ 1 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਹੁਣ 3 ਦਸੰਬਰ ਨੂੰ ਹੋਵੇਗੀ। ਇਸ ਦਿਨ ਦਿੱਲੀ ਤੋਂ ਦੋ ਆਬਜ਼ਰਵਰ ਮੁੰਬਈ ਆਉਣਗੇ ਅਤੇ ਵਿਧਾਇਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਧਿਕਾਰਤ ਤੌਰ ’ਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।
ਦੂਜੇ ਪਾਸੇ ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਮੀਡੀਆ ਨੂੰ ਦੱਸਿਆ ਕਿ ਸੰਘ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਦੇਵੇਂਦਰ ਫੜਨਵੀਸ ਦੇ ਨਾਂ ਨੂੰ ਮੁੱਖ ਮੰਤਰੀ ਅਹੁਦੇ ਲਈ ਫਾਈਨਲ ਕਰ ਲਿਆ ਗਿਆ ਹੈ। ਸਹੁੰ ਚੁੱਕ ਸਮਾਗਮ 5 ਦਸੰਬਰ ਨੂੰ ਦੁਪਹਿਰ 1 ਵਜੇ ਆਜ਼ਾਦ ਮੈਦਾਨ, ਮੁੰਬਈ ਵਿਖੇ ਹੋਵੇਗਾ। ਸ਼ਿਵ ਸੈਨਾ ਅਤੇ ਐੱਨਸੀਪੀ ਦੇ ਇੱਕ-ਇੱਕ ਉਪ ਮੁੱਖ ਮੰਤਰੀ ਵੀ ਸਹੁੰ ਚੁੱਕਣਗੇ।