‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਰਾਸ਼ਟਰ ਦੇ ਵੱਧ ਰਹੇ ਮਾਮਲਿਆਂ ਨੇ ਸੂਬਾ ਸਰਕਾਰ ਨੂੰ ਚਿੰਤਾ ਵਿੱਚ ਡੁਬੋ ਦਿੱਤਾ ਹੈ। ਮੁੱਖ ਮੰਤਰੀ ਉੱਧਵ ਠਾਕਰੇ ਨੇ ਸਪਸ਼ਟ ਕਿਹਾ ਹੈ ਕਿ ਜੇਕਰ ਲੋਕਾਂ ਨੇ ਲਾਪਰਵਾਹੀ ਨਾ ਛੱਡੀ ਤਾਂ ਤਾਲਾਬੰਦੀ ਹੀ ਇੱਕੋ-ਇੱਕ ਹੱਲ ਹੈ ਕਿ ਕੋਰੋਨਾ ਦੀ ਲਾਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਦੇ ਇਹੀ ਹਾਲਾਤ ਰਹੇ ਤਾਂ ਤਾਲਾਬੰਦੀ ਦੀ ਬਣ ਰਹੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਦੇਸ਼ ‘ਚ ਪਹਿਲੇ ਨੰਬਰ ‘ਤੇ ਹੈ। ਇੱਕ ਪ੍ਰੈੱਸ ਕਾਨਫਰੰਸ ਵਿੱਚ ਮੁੱਖ ਮੰਤਰੀ ਉੱਧਵ ਠਾਕਰੇ ਨੇ ਕੋਰੋਨਾ ਦੇ ਖਤਰਨਾਕ ਰੂਪ ਨੂੰ ਲਾਪਰਵਾਹੀ ਦਾ ਨਜੀਤਾ ਦੱਸਿਆ ਹੈ। ਠਾਕਰੇ ਨੇ ਕਿਹਾ ਕਿ ਕੁਝ ਲੋਕ ਟੀਕਾਕਰਣ ਤੋਂ ਬਾਅਦ ਵੀ ਇਸ ਲਈ ਇਸ ਲਾਗ ਦੀ ਲਪੇਟ ਵਿੱਚ ਇਸ ਲਈ ਆ ਰਹੇ ਹਨ ਕਿ ਉਹ ਮਾਸਕ ਪਾਉਣ ਬੰਦ ਕਰ ਰਹੇ ਹਨ। ਸਾਨੂੰ ਸਾਵਧਾਨੀਆਂ ਵਰਤਣੀਆਂ ਨਹੀਂ ਭੁੱਲਣੀਆਂ ਚਾਹੀਦੀਆਂ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਹੁਣ ਤੱਕ 65 ਲੱਖ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਜਾ ਚੁੱਕੀ ਹੈ।