India

ਮਹਾਰਾਸ਼ਟਰ ’ਚ ਭਿਆਨਕ ਬੱਸ ਹਾਦਸਾ! 15 ਯਾਤਰੀਆਂ ਦੀ ਮੌਤ; 20 ਤੋਂ ਵੱਧ ਜ਼ਖ਼ਮੀ, ਕਈ ਗੰਭੀਰ

ਬਿਉਰੋ ਰਿਪੋਰਟ: ਮਹਾਰਾਸ਼ਟਰ (Maharashtra) ਦੇ ਗੋਂਦੀਆ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਬੱਸ ਹਾਦਸੇ (Bus Accident) ਵਿੱਚ 15 ਯਾਤਰੀਆਂ ਦੀ ਮੌਤ ਹੋ ਗਈ। 20 ਤੋਂ ਵੱਧ ਯਾਤਰੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਕਈ ਜ਼ਖ਼਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਅਨੁਸਾਰ ਮਹਾਰਾਸ਼ਟਰ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀ ਸ਼ਿਵਸ਼ਾਹੀ ਬੱਸ (ਐਮਐਚ 09 ਈਐਮ 1273) ਭੰਡਾਰਾ ਤੋਂ ਗੋਂਦੀਆ ਆ ਰਹੀ ਸੀ। ਇਹ ਬੱਸ ਦੁਪਹਿਰ 12.30 ਵਜੇ ਦੇ ਕਰੀਬ ਗੋਂਦੀਆ ਤੋਂ 30 ਕਿਲੋਮੀਟਰ ਪਹਿਲਾਂ ਖਜਰੀ ਪਿੰਡ ਨੇੜੇ ਪਲਟ ਗਈ।

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਾਈਕ ਸਵਾਰ ਅਚਾਨਕ ਬੱਸ ਦੇ ਅੱਗੇ ਆ ਗਿਆ ਸੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੇਕਾਬੂ ਬੱਸ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਘਟਨਾ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਪੀਐਮ ਮੋਦੀ, ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ, ਦੇਵੇਂਦਰ ਫੜਨਵੀਸ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਗੋਂਦੀਆ ਬੱਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।