‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਹਰਿਆਣਾ ਸਟੇਟ ਹੈੱਡਕੁਆਰਟਰ ਵਿਖੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਸਮੇਤ 26 ਹੋਰ ਮੈਂਬਰਾਂ ਨੇ ਆਪਣੀ ਹੀ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਦਾਦੂਵਾਲ, ਰਮਨੀਕ ਸਿੰਘ ਮਾਨ, ਵਿਨਰ ਸਿੰਘ ਅਤੇ ਦੀਦਾਰ ਸਿੰਘ ਨਲਵੀ ’ਤੇ ਗੰਭੀਰ ਦੋਸ਼ ਲਾਏ ਹਨ।
ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਸ਼ੁਰੂ ਤੋਂ ਸਿਰਫ਼ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਉੱਤੇ ਹੀ ਨਜ਼ਰ ਗੱਡੀ ਰੱਖੇ ਹੋਏ ਹਨ। ਦਾਦੂਵਾਲ ਧਰਮ ਪ੍ਰਚਾਰ ਦੇ ਲਈ ਮਹਿੰਗੇ ਹੋਟਲਾਂ ਵਿੱਚ ਠਹਿਰਦੇ ਹਨ, ਹਰ ਹੋਟਲ ਵਿੱਚ ਸਟਾਫ਼ ਨੂੰ ਰੱਖਦੇ ਹਨ ਅਤੇ ਫਿਰ ਮੋਟੇ ਲਿਫ਼ਾਫ਼ੇ ਲੈਂਦੇ ਹਨ। ਕੀ ਇਹ ਧਰਮ ਦੇ ਅਨੁਕੂਲ ਹੈ ? ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਇਨ੍ਹਾਂ ਸਾਰੇ ਸਵਾਲਾਂ ਦਾ ਦਾਦੂਵਾਲ ਤੋਂ ਸਪੱਸ਼ਟੀਕਰਨ ਮੰਗਣਗੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਚਕੂਲਾ ਵਿੱਚ ਲੰਗਰ ਭੰਡਾਰ ਰਾਸ਼ਨ ਖ਼ਤਮ ਹੋਣ ਦੀ ਝੂਠੀ ਅਫ਼ਵਾਹ ਫੈਲਾਉਣ ਦੀ ਸਾਜਿਸ਼ ਵੀ ਦਾਦੂਵਾਲ ਨੇ ਹੀ ਰਚੀ ਸੀ।
ਕਰਮਜੀਤ ਸਿੰਘ ਨੇ ਕਿਹਾ ਕਿ ਹੋਲਾ ਮਹੱਲਾ ਅਤੇ ਵਿਸਾਖੀ ਦੇ ਪ੍ਰੋਗਰਾਮ ਕਰਵਾਏ ਗਏ ਸਨ। ਉਨ੍ਹਾਂ ਨੇ ਸਵਾਲ ਕੀਤਾ ਕਿ ਦਾਦੂਵਾਲ ਅਤੇ ਦੀਦਾਰ ਸਿੰਘ ਨਲਵੀ ਇਹ ਦੱਸਣ ਕਿ ਪਿਛਲੇ 8 ਸਾਲਾਂ ਵਿੱਚ ਕਿੰਨੀ ਕੁ ਵਾਰ ਵਿਸਾਖੀ ਅਤੇ ਹੋਲਾ ਮਹੱਲਾ ਦੇ ਪ੍ਰੋਗਰਾਮਾਂ ਦਾ ਆਯੋਜਨ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਮਨਜੀਤ ਸਿੰਘ ਦਾਦੂਵਾਲ ਅਤੇ ਦੀਦਾਰ ਸਿੰਘ ਨਲਵੀ ਸਿਰਫ਼ ਪ੍ਰਧਾਨ ਦੇ ਅਹੁਦੇ ਦੀ ਲਾਲਸਾ ਦੇ ਲਈ ਸਿੱਖ ਕੌਮ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੇ ਹਨ। ਇਸ ਮੌਕੇ ਗੁਰਵਿੰਦਰ ਸਿੰਘ ਧਮੀਜਾ ਨੇ ਕਿਹਾ ਕਿ ਦਾਦੂਵਾਲ ਸਿਰਫ਼ ਕਮੇਟੀ ਦੇ ਪੈਸਿਆਂ ਵਿੱਚੋਂ ਕੁਝ ਹਾਸਿਲ ਕਰਨ ਦੇ ਲਈ ਵਾਰ ਵਾਰ ਅਜਿਹੇ ਘਿਨੌਣੇ ਦੋਸ਼ ਸਾਡੇ ਉੱਤੇ ਲਗਾ ਰਹੇ ਹਨ। ਧਮੀਜਾ ਨੇ ਕਿਹਾ ਕਿ ਦੀਦਾਰ ਸਿੰਘ ਨਲਵੀ ਪਹਿਲਾਂ ਆਪਣਾ ਆਧਾਰ ਕਾਰਡ ਹਰਿਆਣਾ ਦਾ ਬਣਵਾਉਣ। ਉਨ੍ਹਾਂ ਨੇ ਕਿਹਾ ਕਿ ਦੀਦਾਰ ਸਿੰਘ ਨਲਵੀ ਖੁਦ ਪੰਜਾਬ ਦੇ ਵਾਸੀ ਹਨ, ਉਹ ਹਰਿਆਣਾ ਦੇ ਸਿੱਖਾਂ ਦੀ ਲੜਾਈ ਕਿਵੇਂ ਲੜ ਸਕਦੇ ਹਨ।