India

ਚੋਣ ਕਮਿਸ਼ਨ ਦੇ ਵਕੀਲ ਨੂੰ ਹਾਈਕੋਰਟ ਨੇ ਝਾੜਿਆ-ਜਦੋਂ ਚੋਣ ਰੈਲੀਆਂ ਹੋ ਰਹੀਆਂ ਸੀ ਤਾਂ ਤੁਸੀਂ ਕਿਹੜੇ ਗ੍ਰਹਿ ‘ਤੇ ਘੁੰਮ ਰਹੇ ਸੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਮਹਾਂਮਾਰੀ ਦੇ ਦੌਰਾਨ ਚੋਣ ਰੈਲੀਆਂ ਦੀ ਇਜ਼ਾਜਤ ਦੇਣ ਦੇ ਲਈ ਮਦਰਾਸ ਹਾਈਕੋਰਟ ਨੇ ਚੋਣ ਕਮਿਸ਼ਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਦਰਾਸ ਹਾਈਕੋਰਟ ਨੇ ਮੁੱਖ ਨਿਆਂਮੂਰਤੀ ਜਸਟਿਸ ਸੰਜੀਵ ਬੈਨਰਜੀ ਨੇ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਲਈ ਸਿਰਫ ਤੇ ਸਿਰਫ ਚੋਣ ਕਮਿਸ਼ਨ ਜਿੰਮੇਦਾਰ ਹੈ। ਹਾਈਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਉੱਤੇ ਹੱਤਿਆ ਵਰਗੇ ਦੋਸ਼ ਲੱਗਣੇ ਚਾਹੀਦੇ ਹਨ। ਇਸ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ਦੇ ਵਕੀਲ ਨੂੰ ਪੁੱਛਿਆ ਕਿ ਜਦੋਂ ਚੋਣ ਰੈਲੀਆਂ ਹੋ ਰਹੀਆਂ ਸਨ ਤਾਂ ਕੀ ਤੁਸੀਂ ਉਸ ਵੇਲੇ ਕਿਸੇ ਹੋਰ ਗ੍ਰਹਿ ‘ਤੇ ਘੁੰਮ ਰਹੇ ਸੀ।


ਜਸਟਿਸ ਸੰਜੀਬ ਬਨਰਜੀ ਨੇ ਕਿਹਾ ਹੈ ਕਿ ਕੋਰਟ ਤੋਂ ਸਪਸ਼ਟ ਹੁਕਮ ਦੇ ਬਾਵਜੂਦ ਕਮਿਸ਼ਨ ਚੋਣ ਪ੍ਰਚਾਰ ਦੇ ਦੌਰਾਨ ਫੇਸਮਾਸਕ ਤੇ ਸੈਨੇਟਾਇਜ਼ਰ ਦੇ ਇਸਤੇਮਾਲ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਪਾਲਣ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਵਾ ਸਕਿਆ ਹੈ। ਕੋਰਟ ਨੇ ਕਿਹਾ ਕਿ ਕਮਿਸ਼ਨ ਇਸ ਗੱਲ ਦੀ ਪੂਰੀ ਯੋਜਨਾ ਪੇਸ਼ ਕਰੇ ਕਿ ਵੋਟਾਂ ਦੀ ਗਿਣਤੀ ਦੇ ਦਿਨ ਕੋਵਿਡ-19 ਦੇ ਕਾਰਣ ਲਗਾਏ ਗਏ ਦਿਸ਼ਾਨਿਰਦੇਸ਼ਾਂ ਦਾ ਕਿਸ ਤਰੀਕੇ ਪਾਲਣ ਕੀਤਾ ਜਾਵੇਗਾ। ਨਹੀਂ ਤਾਂ ਕੋਰਟ ਦੋ ਮਈ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ‘ਤੇ ਰੋਕ ਲਾ ਸਕਦਾ ਹੈ।

ਚੀਫ ਜਸਟਿਸ ਦੀ ਅਗੁਵਾਈ ਵਾਲੀ ਦੋ ਜੱਜਾਂ ਦੀ ਬੈਂਚ ਨੇ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਹੈ ਕਿ ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਨਾਲ ਮਿਲ ਕੇ ਸਿਹਤ ਸਕੱਤਰ ਨਾਲ ਚਰਚਾ ਕੀਤੀ ਜਾਵੇ ਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਲਈ ਕੋਵਿਡ-19 ਪ੍ਰੋਟੋਕਾਲ ਬਣਾਇਆ ਜਾਵੇ। ਇਸ ਲਈ ਉਨ੍ਹਾਂ ਨੇ ਕਮਿਸ਼ਨ ਨੂੰ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ।

2 ਮਈ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਜ਼ਿਕਰਯੋਗ ਹੈ ਕਿ ਹੁਣੇ ਹੀ ਤਿੰਨ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ, ਕੇਰਲ, ਤਮਿਲਨਾਡੂ, ਅਸਾਮ ਤੇ ਪੁਡੁਚੇਰੀ ਵਿੱਚ ਵਿਧਾਨ ਸਭਾ ਚੋਣਾਂ ਮੁਕੰਮਲ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਵੀ ਵੋਟਾਂ ਪੈਣ ਦਾ ਕਾਰਜ ਜਾਰੀ ਹੈ। ਪੱਛਮੀ ਬੰਗਾਲ ਵਿਚ ਅੱਜ ਸੱਤਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਆਖਰੀ ਅੱਠਵਾਂ ਗੇੜ ਹਾਲੇ ਬਾਕੀ ਹੈ। ਸਾਰੇ ਰਾਜਾਂ ਦੀਆਂ ਵੋਟਾਂ ਦੇ ਨਤੀਜੇ ਦੋ ਮਈ ਨੂੰ ਆਉਣ ਵਾਲੇ ਹਨ।