India

ਮਦਰਾਸ ਕੋਰਟ ਨੇ ਪਤੰਜਲੀ ਨੂੰ ਦਿੱਤਾ ਝਟਕਾ,ਕੋਰੋਨਿਲ ਦਵਾਈ ਦੀ ਟ੍ਰੇਡਮਾਰਕ ‘ਤੇ ਲਗਾਈ ਪਾਬੰਦੀ

‘ਦ ਖ਼ਾਲਸ ਬਿਊਰੋ :- ਪਿਛਲੇਂ ਦਿਨੀਂ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦਾ ਦਾਵਾ ਕਰਨ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੈਦ ਦੀ ਦਵਾਈ ‘ਕੋਰੋਨਿਲ’ ਜਿਸ ਨੂੰ ਕੋਰੋਨਾ ਵੈਕਸੀਨ ਦੇ ਨਾਂ ‘ਤੇ ਲਾਂਚ ਕੀਤ ਗਿਆ ਸੀ, ਨੂੰ ਅੱਜ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਕੋਰਟ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਪੇਸ਼ ਕੀਤੀ ਗਈ ਕੋਰੋਨਿਲ ਦਵਾਈ ਦੇ ਟ੍ਰੇਡਮਾਰਕ ਦੀ ਵਰਤੋਂ ‘ਤੇ ਪਾਬੰਦੀ ਲਗਾਈ ਹੈ।

ਅਦਾਲਤ ਦਾ ਇਹ ਅੰਤਿਮ ਫ਼ੈਸਲਾ 30 ਜੁਲਾਈ ਤੱਕ ਚੇਨਈ ਦੀ ਕੰਪਨੀ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦੀ ਪਟੀਸ਼ਨ ‘ਤੇ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 1993 ਤੋਂ  ‘ਕੋਰੋਨਿਲ’ ਟ੍ਰੇਡਮਾਰਕ ਹੈ ਅਤੇ ਪਤੰਜਲੀ ਦੁਆਰਾ ਕੋਰੋਨਿਲ ਦੀ ਸ਼ੁਰੂਆਤ ਤੋਂ ਬਾਅਦ 1 ਜੁਲਾਈ ਨੂੰ ਆਯੂਸ਼ ਮੰਤਰਾਲੇ ਨੇ ਕਿਹਾ ਸੀ ਕਿ ਕੰਪਨੀ ਇਮਿਊਨਟੀ ਬੂਸਟਰ ਦੇ ਰੂਪ ‘ਚ ਇਹ ਦਵਾਈ ਵੇਚ ਸਕਦੀ ਹੈ। ਇਸ ਨੂੰ ਕੋਵਿਡ -19 ਦੇ ਇਲਾਜ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ।

ਪਤੰਜਲੀ ਵੱਲੋਂ ਕੋਰੋਨਿਲ ਦਵਾਈ ਬਣਾਉਣ ਦਾ ਦਾਅਵਾ ਕਰਨ ਤੇ ਇਸ ਨੂੰ ਲਾਂਚ ਕਰਨ ਦੀ ਸ਼ੁਰੂਆਤ ਤੋਂ ਬਾਅਦ ਨਿਰੰਤਰ ਚਰਚਾ ਵਿੱਚ ਹੈ, ਕਿਉਂਕਿ ਆਯੂਸ਼ ਮੰਤਰਾਲੇ ਨੇ ਪਹਿਲਾਂ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਫੇਰ ਪਾਬੰਦੀ ਹਟਾ ਦਿੱਤੀ ਗਈ। ਆਯੁਸ਼ ਮੰਤਰਾਲੇ ਨੇ ਇਨ੍ਹਾਂ ਦਵਾਈਆਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਸ ਨੂੰ ਮਨੁੱਖੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਇੱਕ ਬੂਸਟਰ ਵਜੋਂ ਵਰਤਿਆ ਜਾ ਸਕਦਾ ਹੈ।