‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਘੱਟੋ ਘੱਟ ਸਮਰਥਨ ਮੱਲ ਯਕੀਨੀ ਬਣਾਉਣ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਆਪਣੇ ਸ਼ਾਹੀ ਅੰਦਾਜ਼ ਨੂੰ ਬਰਕਰਾਰ ਰੱਖਦੇ ਹੋਏ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਲਾਈ ਬੈਠੇ ਹਨ। ਆਪਣੇ ਸ਼ੌਂਕ ਨੂੰ ਬਰਕਰਾਰ ਰੱਖਦੇ ਹੋਏ ਲੁਧਿਆਣਾ ਦੇ ਕਿਸਾਨ ਪਿਓ ਤੇ ਪੁੱਤ ਨੇ ਢਾਈ ਮਹੀਨੇ ਲਾ ਕੇ ਇਕ ਏਸੀ ਤੇ ਹੋਰ ਸਹੂਲਤਾਂ ਨਾਲ ਲੈਸ ਲਗਜ਼ਰੀ ਟਰਾਲੀ ਬਣਾਈ ਹੈ। ਇਸ ਟਰਾਲੀ ਨੂੰ ਕਿਸਾਨ ਅੰਦੋਲਨ ਵਿਚ ਸ਼ਾਮਿਲ ਕੀਤਾ ਜਾਵੇਗਾ।
ਇਸ ਟਰਾਲੀ ਦੇ ਕੈਬਿਨ ਵਿੱਚ ਏਸੀ, ਪੱਖੇ, ਬੈਠਣ ਵਾਲੇ ਟੇਬਲ, ਵਾਈਫਾਈ ਦੀ ਸਹੂਲਤ, ਸੀਸੀਟੀਵੀ ਕੈਮਰੇ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਲੁਧਿਆਣਾ ਦੇ ਤਰਸੇਮ ਸਿੰਘ ਲੋਟੇ ਤੇ ਉਨ੍ਹਾਂ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਲੋਟੇ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਇਹ ਟਰਾਲੀ ਆਪਣੇ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਟਰਾਲੀ ਨੂੰ ਵੱਖ ਵੱਖ ਤਰੀਕੇ ਨਾਲ ਵਰਤੋਂ ਕਰਨ ਲਈ ਬਣਾਇਆ ਹੈ। ਇਸ ਟਰਾਲੀ ਵਿੱਚ ਸੋਲਰ ਸਿਸਟਮ, ਕੈਬਿਨ ’ਚ ਏਸੀ, ਪੱਖੇ, ਕੈਮਰੇ, ਸੀਟਾਂ ਅਤੇ ਕੈਬਿਨ ਤੋਂ ਬਾਹਰ ਵਾਸ਼ਬੇਸਿਨ ਤੇ ਪਾਣੀ ਵਾਲੀ ਟੈਂਕੀ ਫਿੱਟ ਕੀਤੀ ਗਈ ਹੈ।
ਟਰਾਲੀ ਵਿੱਚ ਆਰਾਮ ਨਾਲ 10 -12 ਵਿਅਕਤੀ ਬੈਠ ਕੇ ਗੱਲਬਾਤ ਕਰ ਸਕਦੇ ਹਨ। ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਕਹੇਗਾ ਤਾਂ ਉਹ ਜ਼ਰੂਰ ਅਜਿਹੀ ਟਰਾਲੀ ਬਣਾ ਕੇ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਟਰਾਲੀ ਲੈ ਕੇ ਅੰਦੋਲਨ ਵਿੱਚ ਵੀ ਜਾਣਗੇ ਤੇ ਕਿਸਾਨਾਂ ਦਾ ਸਾਥ ਦੇਣਗੇ। ਉਨ੍ਹਾਂ ਦੱਸਿਆ ਕਿ ਇੰਟੀਰੀਅਰ ਕਾਫ਼ੀ ਮਹਿੰਗਾ ਲਾਇਆ ਗਿਆ ਹੈ ਅਤੇ ਟਰਾਲੀ ਦੇ ਕੈਬਿਨ ਲਈ 5 ਤੋਂ 6 ਲੱਖ ਰੁਪਏ ਖ਼ਰਚ ਆਇਆ ਹੈ।