Punjab

ਲੁਧਿਆਣਾ ‘ਚ ਔਰਤ ਨੇ SHO ਨਾਲ ਕੀਤਾ ਇਹ ਸਲੂਕ !

ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪੁਲਿਸ ਅਤੇ ਇੱਕ ਔਰਤ ਦੇ ਵਿਚਾਲੇ ਹੱਥੋਪਾਈ ਹੋਈ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਚੌਕੀ ਇੰਚਾਰਜ ਦੇ ਨਾਲ ਔਰਤ ਭਿੜ ਗਈ ਅਤੇ ਉਸ ਨੂੰ ਥੱਪੜ ਮਾਰੇ, ਵਰਦੀ ਫਾੜ ਦਿੱਤੀ, ਗਾਲਾਂ ਕੱਢਿਆਂ। ਔਰਤ ਦਾ ਕਹਿਣਾ ਸੀ ਕਿ ਚੌਕੀ ਇੰਚਾਰਜ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ, ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮਹਿਲਾ ਖਿਲਾਫ਼ ਕੇਸ ਦਰਜ ਕਰ ਲਿਆ ਹੈ ।
ਵੀਡੀਓ ਜੀ.ਐਨ.ਆਈ. ਕਾਲਜ ਦੇ ਨਜ਼ਦੀਕ ਹੈ। ਪੁਲਿਸ ਚੌਕੀ ਮਰਾਡੋ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਥਾਂ ‘ਤੇ ਰੇਡ ਕਰਕੇ ਵਾਪਸ ਆ ਰਿਹਾ ਸੀ। ਰਸਤੇ ਵਿੱਚ ਕੁਝ ਲੋਕ ਆਪਸ ਵਿੱਚ ਬਹਿਸਬਾਜ਼ੀ ਕਰ ਰਹੇ ਸਨ, ਉਨ੍ਹਾਂ ਵਿੱਚ ਮਹਿਲਾ ਵੀ ਮੌਜੂਦ ਸੀ । ਇਸ ਕਾਰਨ ਉਹ ਰੁੱਕ ਗਿਆ ਅਤੇ ਮਾਮਲੇ ਬਾਰੇ ਪੁੱਛ-ਗਿੱਛ ਕੀਤੀ। ਇਸ ਦੌਰਾਨ ਇੱਕ ਮਹਿਲਾ ਨੇ ਉਨ੍ਹਾਂ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ।

ਔਰਤ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ

ਔਰਤ ਨੂੰ ਪੁਲਿਸ ਨੇ ਕਾਫੀ ਸਮਝਾਇਆ,ਪਰ ਉਹ ਨਹੀਂ ਮੰਨੀ ਅਤੇ ਚੌਕੀ ਇੰਚਾਰਜ ਮੁਤਾਬਕ ਉਸ ਮਹਿਲਾ ਨੇ ਉਸ ਦੇ ਮੂੰਹ ‘ਤੇ ਥੱਪੜ ਮਾਰਿਆ, ਜਦੋਂ ਮਾਮਲਾ ਹੱਦ ਤੋਂ ਪਾਰ ਹੋ ਗਿਆ ਤਾਂ ਮਹਿਲਾ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਦੇ ਮੁਤਾਬਕ ਔਰਤ ਨੇ ਉਸ ਦੀ ਵਰਦੀ ਵੀ ਫਾੜ ਦਿੱਤੀ। ਔਰਤ ਪੂਜਾ ਅਤੇ ਉਸ ਦੇ ਸਾਥੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ।

ਜਨਮ ਦਿਨ ਦੀ ਪਾਰਟੀ ਕਰ ਰਹੇ ਸਨ

ਉਧਰ ਔਰਤ ਦੇ ਸਾਥੀ ਅੰਕਿਤ ਅਤੇ ਸੰਦੀਪ ਨੇ ਦੱਸਿਆ ਕਿ ਉਹ ਸਾਰੇ ਮਿਲ ਕੇ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ। ਇਸੇ ਵਿਚਾਲੇ ਉੱਥੇ ਕੁਝ ਲੋਕ ਸਰੇਆਮ ਸ਼ਰਾਬ ਪੀ ਰਹੇ ਸੀ, ਇਸ ਕਾਰਨ ਉਹ ਵੀ ਸਾਇਡ ‘ਤੇ ਡ੍ਰਿੰਕ ਕਰਨ ਲੱਗੇ। ਉਨ੍ਹਾਂ ਨੂੰ ਲੱਗਿਆ ਕਿ ਰੈਸਟੋਰੈਂਟ ਵਾਲੇ ਦੇ ਕੋਲ ਪਰਮਿਟ ਹੈ, ਉਨ੍ਹਾਂ ਨੇ ਚੌਕੀ ਇੰਚਾਰਜ ‘ਤੇ ਇਲਜ਼ਾਮ ਲਗਾਇਆ ਕਿ ਔਰਤ ਦੇ ਨਾਲ ਗੱਡੀ ਦੇ ਪਿੱਛੇ ਜਾ ਕੇ ਕੁੱਟਮਾਰ ਕੀਤੀ ਗਈ ।

ਕੱਪੜੇ ਉਤਾਰ ਕੇ ਕੁੱਟਮਾਰ ਕਰਨ ਦਾ ਇਲਜ਼ਾਮ

ਔਰਤ ਦੇ ਸਾਥੀਆਂ ਨੇ ਇਲਜ਼ਾਮ ਲਗਾਇਆ ਕਿ ਔਰਤ ਦੇ ਕੱਪੜੇ ਉਤਾਰ ਕੇ ਕੁੱਟਮਾਰ ਕੀਤੀ ਗਈ, ਉਨ੍ਹਾਂ ਨੇ ਪੁਲਿਸ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ, ਬਿਨਾਂ ਮਹਿਲਾ ਪੁਲਿਸ ਮੁਲਾਜ਼ਮ ਦੇ ਚੌਕੀ ਇੰਚਾਰਜ ਨੇ ਮਹਿਲਾ ਨਾਲ ਕੁੱਟਮਾਰ ਕਿਵੇਂ ਕੀਤੀ ਅਤੇ ਗ੍ਰਿਫ਼ਤਾਰ ਕਿਉਂ ਕੀਤਾ।