ਬਿਉਰੋ ਰਿਪੋਰਟ – ਲੁਧਿਆਣਾ ਦੇ ਹੈਬੋਵਾਲ ਪੁਲਿਸ ਨੇ ਇੱਕ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ ਹੈ । ਜਸਿਆ ਰੋਡ ਦੇ ਰਘਬੀਰ ਪਾਰਕ ਵਿੱਚ ਆਪਣੇ ਘਰ ਵਿੱਚ ਸੜ ਕੇ ਹੋਈ ਬਜ਼ੁਰਗ ਮਹਿਲਾ ਦੀ ਮੌਤ ਦੇ ਮਾਮਲੇ ਵਿੱਚ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਦੇ ਮੁਤਾਬਿਕ ਪਿਛਲੇ ਕੁਝ ਮਹੀਨੀਆਂ ਤੋਂ ਕਿਰਾਏ ਦੇ ਵਿਵਾਦ ਦੇ ਬਾਅਦ ਮੁਲਜ਼ਮ ਨਾਬਾਲਿਗ ਨੇ ਮਹਿਲਾ ਨੂੰ LPG ਚੁੱਲੇ ਸਾਹਮਣੇ ਧੱਕ ਦਿੱਤਾ ਸੀ ।
17 ਸਾਲ ਦਾ ਮੁਲਜ਼ਮ ਮਹਿਲਾ ਦੇ ਕਿਰਾਏਦਾਰ ਦਾ ਪੁੱਤਰ ਹੈ ਅਤੇ ਉਹ 12ਵੀਂ ਕਲਾਸ ਵਿੱਚ ਪੜਦਾ ਹੈ । ਪੁਲਿਸ ਮਾਪਿਆਂ ਦੀ ਵੀ ਜਾਂਚ ਕਰ ਰਿਹਾ ਹੈ । 80 ਸਾਲ ਦੀ ਪੀੜਤ ਨਰਿੰਦਰ ਕੌਰ ਦਿਓਲ ਅਮਰੀਕਾ ਦਾ ਨਾਗਰਿਕ ਹੈ । ਉਹ ਕੁਝ ਮਹੀਨੇ ਪਹਿਲਾਂ ਹੀ ਜਸਿਆ ਰੋਡ ਤੇ ਰਘਾਬੀਰ ਪਾਰਕ ਆਪਣੇ ਘਰ ਵਿੱਚ ਰਹਿਣ ਆਈ ਸੀ । ਜਦਕਿ ਬਾਕੀ ਮਹੀਨੇ ਉਹ ਅਮਰੀਕਾ ਹੀ ਰਹਿੰਦੇ ਹਨ । ਮਹਿਲਾ ਨਰਿੰਦਰ ਕੌਰ ਪਹਿਲੀ ਮਨਜ਼ਿਲ ਰਹਿੰਦੀ ਸੀ ਜਦਕਿ ਕਿਰਾਏਦਾਰ ਗਰਾਉਂਡ ਫਲੋਰ ‘ਤੇ ਰਹਿੰਦੇ ਸਨ ।
ਹੈਬੋਵਾਲ ਥਾਨੇ ਦੀ ਐੱਸਐਚਓ ਮਧੂਬਾਲਾ ਨੇ ਦੱਸਿਆ ਕਿ ਮਹਿਲਾ 23 ਮਾਰਚ ਨੂੰ ਝੂਲਸੀ ਗਈ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸਨੂੰ DMC ਪਹੁੰਚਾਇਆ। ਪੁਲਿਸ ਨੇ ਅਮਰੀਕਾ ਵਿੱਚ ਰਹਿਣ ਵਾਲੀ ਉਸਦੀ ਧੀ ਰਵਿੰਦਰ ਕੌਰ ਨੂੰ ਇਸਦੀ ਜਾਣਕਾਰੀ ਦਿੱਤੀ । ਇਸ ਦੌਰਾਨ 26 ਮਾਰਚ ਨੂੰ ਮਹਿਲਾ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾ ਪੁਲਿਸ ਨੇ ਰਵਿੰਦਰ ਕੌਰ ਦੇ ਬਿਆਨ ‘ਤੇ BNS ਦੀ ਧਾਰਾ 194 ਦੇ ਅਧਾਰ ‘ਤੇ ਜਾਂਚ ਕੀਤੀ ਸੀ।
ਪੁਲਿਸ ਨੂੰ ਕਿਰਾਏਦਾਰ ਦੇ ਪੁੱਤਰ ਤੇ ਇਸ ਲਈ ਸ਼ੱਕ ਹੋਇਆ ਕਿਉਂਕਿ ਉਹ ਲਾਪਤਾ ਸੀ,ਪੁਲਿਸ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਹ ਚੂਹੜਪੁਰ ਰੋਡ ਤੇ ਬਰਾਮਦ ਹੋਇਆ । ਪੁੱਛ-ਗਿੱਛ ਵਿੱਚ ਮੁਲਜ਼ਮ ਨੇ ਆਪਣੇ ਜੁਰਮ ਕਬੂਲ ਕਰ ਲਿਆ ।
SHO ਮਧੂਬਾਲਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਪਿਛਲੇ 6 ਮਹੀਨੇ ਤੋਂ ਘਰ ਦਾ ਕਿਰਾਇਆ ਬਕਾਇਆ ਸੀ। ਉਹ ਕਿਰਾਏ ਦਾ ਕੁਝ ਹਿੱਸਾ ਦੇਣ ਲਈ ਨਰਿੰਦਰ ਕੌਰ ਕੋਲ ਗਿਆ ਪਰ ਉਨ੍ਹਾਂ ਨੇ ਪੂਰੇ 50 ਹਜ਼ਾਰ ਦੇਣ ਨੂੰ ਕਿਹਾ । ਗੁੱਸੇ ਵਿੱਚ ਆ ਕੇ ਨਾਬਾਲਿਗ ਨੇ ਔਰਤ ਨੂੰ ਗੈਸ ਚੂਲੇ ਤੋਂ ਪਾਸੇ ਖਿੱਚਿਆ ਅਤੇ ਚੂਲੇ ਨਾਲ ਉਸਦੇ ਕਪੜਿਆਂ ਨੂੰ ਅੱਗ ਲਾ ਦਿੱਤੀ।