ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਦੇਰ ਰਾਤ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ । 2 ਬੱਚਿਆਂ ਨੂੰ ਕਾਰ ਨੇ ਜ਼ਬਰਦਸਤ ਟੱਕਰ ਮਾਰੀ ਅਤੇ ਦੂਰ ਤੱਕ ਬੱਚਿਆਂ ਨੂੰ ਘਸੀੜਿਆ । ਕਾਰ ਦੇ ਟਾਇਰ ਵਿੱਚ ਫਸੇ ਦੋਵੇ ਬੱਚੇ ਚੀਕਾਂ ਮਾਰਦੇ ਰਹੇ, ਲੋਕ ਕਾਰ ਸਵਾਰ ਦੇ ਪਿੱਛੇ ਭੱਜੇ ਤਾਂ ਉਹ ਗੱਡੀ ਛੱਡ ਕੇ ਫਰਾਰ ਹੋ ਗਿਆ । ਫਿਰ ਲੋਕਾਂ ਨੇ ਕਾਰ ਨੂੰ ਪਲਟ ਕੇ ਬੜੀ ਹੀ ਮੁਸ਼ਕਤ ਦੇ ਨਾਲ ਦੋਵੇ ਬੱਚਿਆਂ ਨੂੰ ਬਾਰਰ ਕੱਢਿਆ । ਪਰ ਜਿਸ ਨੇ ਵੀ ਇਹ ਦੁਰਘਟਨਾ ਵੇਖੀ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ । ਰਾਹਤ ਦੀ ਗੱਲ ਹੈ ਕਿ ਦੋਵੇ ਬੱਚਿਆਂ ਦੀ ਜਾਨ ਬੱਚ ਗਈ ਹੈ ਪਰ ਉਨ੍ਹਾਂ ਨੂੰ ਇਲਾਜ ਦੇ ਲਈ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਦੋਵੇ ਬੱਚਿਆਂ ਦੀ ਉਮਰ 10 ਅਤੇ 16 ਸਾਲ ਦੇ ਵਿਚਾਲੇ ਹੈ । ਇੱਕ ਦੀ ਟੰਗ ਟੁੱਟੀ ਹੈ ਜਦਕਿ ਦੂਜੇ ਨੂੰ PGI ਰੈਫਰ ਕਰ ਦਿੱਤਾ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਇਵਰ ਨਸ਼ੇ ਵਿੱਚ ਸੀ, ਜਿਸ ਦੀ ਵਜ੍ਹਾ ਕਰਕੇ ਬੱਚੇ ਉਸ ਦੀ ਕਾਰ ਦੀ ਚਪੇਟ ਵਿੱਚ ਆ ਗਏ । ਉਹ ਕੁਝ ਦੇਰ ਪਹਿਲਾਂ ਹੀ ਚਿਕਨ ਕਾਰਨਰ ਤੋਂ ਸ਼ਰਾਬ ਪੀਕੇ ਨਿਕਲਿਆ ਸੀ । ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ । ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ । CCTV ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ । ਪਰ ਜਿਸ ਤਰ੍ਹਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਵਾਂ ਬੱਚਿਆਂ ਨੂੰ ਬਚਾਇਆ ਹੈ ਉਹ ਕਾਬਿਲੇ ਤਾਰੀਫ ਹੈ । ਕਿਉਂਕਿ ਦੋਵੇ ਬੱਚੇ ਗੱਡੀ ਦੇ ਟਾਇਰਾਂ ਹੇਠਾਂ ਫਸ ਚੁੱਕੇ ਸਨ । ਜੇਕਰ ਲੋਕ ਸ਼ੋਰ ਨਾ ਮਚਾਉਂਦੇ ਤਾਂ ਬੱਚਿਆਂ ਦਾ ਬਚਣਾ ਮੁਸ਼ਕਿਲ ਸੀ।