ਬਿਊਰੋ ਰਿਪੋਰਟ : ਪੰਜਾਬ ਵਿੱਚ ਜੁਰਮ ਬੇਲਗਾਮ ਹੋ ਚੁੱਕਾ ਹੈ । ਮੁਲਜ਼ਮ ਪਹਿਲਾਂ ਸਰੇਆਮ ਧਮਕੀ ਦਿੰਦੇ ਹਨ ਫਿਰ ਵਾਰਦਾਤ ਨੂੰ ਅੰਜਾਮ ਦੇ ਕੇ ਅਸਾਨੀ ਨਾਲ ਫ਼ਰਾਰ ਵੀ ਹੋ ਜਾਂਦੇ ਹਨ । ਲੁਧਿਆਣਾ ਤੋਂ ਆਇਆ ਤਾਜ਼ਾ ਮਾਮਲਾ ਇਸ ਦੀ ਤਸਦੀਕ ਕਰ ਰਿਹਾ ਹੈ । ਲੁਧਿਆਣਾ ਦੇ ਪਿੰਡ ਬਾਰਦੇ ਦੇ ਜ਼ਿਮੀਂਦਾਰ ਦੇ ਘਰ ਵੜ ਕੇ 2 ਲੋਕਾਂ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ । ਇਸ ਵਾਰਦਾਤ ਵਿੱਚ 45 ਸਾਲ ਦੇ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ । ਜਦਕਿ ਦੂਜਾ ਸ਼ਖਸ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਹੈ ਜਿਸ ਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਮ੍ਰਿਤਕ ਪਰਮਜੀਤ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਸਨ । ਜਿਸ ਕਾਰ ‘ਤੇ ਹਮਲਾਵਰ ਆਏ ਸਨ ਉਹ ਦਿੱਲੀ ਦਾ ਨੰਬਰ ਸੀ । ਇਲਾਕੇ ਦੇ ਲੋਕ ਜਿਵੇਂ ਹੀ ਗੋਲੀਆਂ ਦਾ ਆਵਾਜ਼ ਸੁਣ ਕੇ ਇਕੱਠੇ ਹੋਏ ਕਾਤਲ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਮਜੀਤ ਸਿੰਘ ਬੁੱਧਵਾਰ ਪਸ਼ੂਆਂ ਨੂੰ ਚਾਰਾ ਪਾ ਰਹੇ ਸਨ । ਇਸ ਦੌਰਾਨ 2 ਲੋਕ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜ਼ਖਮੀ ਹਾਲਤ ਵਿੱਚ ਪਰਮਜੀਤ ਸਿੰਘ ਨੂੰ ਹਸਪਤਾਲ ਲੋਕਾਂ ਨੇ ਪਹੁੰਚਾਇਆ । ਪਰ ਉਹ ਨਹੀਂ ਬਚ ਸਕੇ । ਹੁਣ ਖ਼ਬਰ ਆਈ ਹੈ ਕਿ ਪਰਮਜੀਤ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਅਰਸ਼ ਡੱਲਾ ਨੇ ਲਈ ਹੈ । ਅਰਸ਼ ਨੇ ਫੇਸਬੁੱਕ ‘ਤੇ ਲਿਖਿਆ ਹੈ ‘ਕਿ ਪਿੰਡ ਬਾਰਦੇਕੇ ਵਿੱਚ ਜਿਹੜਾ ਕਤਲ ਹੋਇਆ ਹੈ ਉਹ ਅਸੀਂ ਕਰਵਾਇਆ ਹੈ’ ।
ਅਰਸ਼ ਨੇ ਲਿਖਿਆ ਕਿ ‘ਮੇਰੇ ਛੋਟੇ ਭਰਾ ਦਿਲਪ੍ਰੀਤ ਸਿੰਘ ਧਾਲੀਵਾਲ ਪਿੰਡ ਮਿਨੀਆਂ ਨੂੰ ਪਰਮਜੀਤ ਨੇ ਤੰਗ ਪਰੇਸ਼ਾਨ ਕੀਤਾ ਸੀ । ਜਿਸ ਤੋਂ ਦੁੱਖੀ ਹੋਕੇ ਦਿਲਪ੍ਰੀਤ ਨੇ ਸੂਸਾ-ਈਡ ਕਰ ਲਿਆ ਸੀ । ਆਪਣੇ ਛੋਟੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ ਹੈ । ਫਿਲਹਾਲ ਇਹ ਸ਼ੁਰੂਆਤ ਹੈ ਜਿਸ ਕਿਸੇ ਨੂੰ ਕੋਈ ਵਹਿਮ ਹੈ ਤਾਂ ਉਹ ਦੱਸ ਦੇਵੇ’। ਗੈਂਗਸਟਰ ਅਰਸ਼ ਡੱਲਾ ਨੇ ਇਹ ਪੋਸਟ ਗੈਂਗਸਟਰ ਜੈਪਾਲ ਜੱਸੀ ਅਤੇ ਦਵਿੰਦਰ ਬੰਬੀਹਾ ਗੈਂਗ ਨੂੰ ਟੈਗ ਕੀਤੀ ਹੈ। ਗੈਂਗਸਟਰਾਂ ਵੱਲੋਂ ਇਸ ਤਰ੍ਹਾਂ ਸਰੇਆਮ ਕਤਲਕਾਂਡ ਕਰਵਾਉਣਾ ਅਤੇ ਇਸ ਦੀ ਜ਼ਿੰਮੇਵਾਰੀ ਲੈਣਾ ਪੁਲਿਸ ਦੀ ਵੱਡੀ ਕਮਜ਼ੋਰੀ ਹੈ ।
ਪਹਿਲਾਂ ਵੀ ਦੇ ਚੁੱਕਾ ਸੀ ਧਮਕੀਆਂ
ਮ੍ਰਿਤਕ ਪਰਮਜੀਤ ਸਿੰਘ ਦੇ ਪਰਿਵਾਰ ਦਾ ਦੱਸਿਆ ਕਿ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ । ਪਰ ਕਦੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ । ਹੁਣ ਤਾਂ ਸਿੱਧੇ ਘਰ ਵਿੱਚ ਵੜ ਕੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ । ਇਸ ਵਾਰਦਾਤ ਦੇ ਬਾਅਦ ਪੂਰੇ ਜਗਰਾਉ ਵਿੱਚ ਦਹਿਸ਼ਤ ਹੈ । ਲੋਕ ਪੁਲਿਸ ‘ਤੇ ਸਵਾਲ ਚੁੱਕ ਰਹੇ ਹਨ । ਲੋਕਾਂ ਦੇ ਮੁਤਾਬਿਕ ਪੁਲਿਸ ਦਾ ਡਰ ਗੈਂਗਸਟਰਾਂ ਦੇ ਮਨ ਤੋਂ ਨਿਕਲ ਚੁੱਕਾ ਹੈ ।
CCTV ਖੰਗਾਲ ਰਹੀ ਹੈ ਪੁਲਿਸ
ਵਾਰਦਾਤ ਵਾਲੀ ਥਾਂ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ ਸਨ । ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂਕੀ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ । ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਸਫੇਦ ਰੰਗ ਦੀ I-10 ਕਾਰ ‘ਤੇ ਸਵਾਰ ਹੋਕੇ ਆਏ ਸਨ। ਗੰਡੀ ਦਾ ਨੰਬਰ ਦਿੱਲੀ ਦਾ ਸੀ । ਪੁਲਿਸ ਨੇ ਸਾਰੀਆਂ ਥਾਵਾਂ ‘ਤੇ ਨਾਕੇ ਲਾ ਦਿੱਤੇ ਹਨ ।