ਲੁਧਿਆਣਾ : ਲੁਧਿਆਣਾ ਦੀ ਅਦਾਲਤ (court) ਨੇ 8 ਸਾਲ ਪੁਰਾਣੇ 2 ਭਰਾਵਾਂ ਦੇ ਪੁਲਿਸ ਐਂਕਾਉਂਟਰ (Police encounter) ਨੂੰ ਫਰਜ਼ੀ (fake) ਕਰਾਰ ਦਿੰਦੇ ਹੋਏ 3 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਜਿੰਨਾਂ ਮੁਲਜ਼ਮਾਂ ਨੂੰ ਫਰਜ਼ੀ ਐਂਕਾਉਂਟਰ (fake encounter) ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਇੱਕ ਅਕਾਲੀ ਆਗੂ ਅਤੇ 2 ਪੁਲਿਸ ਮੁਲਾਜ਼ਮ ਹਨ । ਪੁਲਿਸ ਨੇ ਇਸ ਨੂੰ ਐਂਕਾਉਂਟਰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੋਸਟਮਾਰਟ ਰਿਪੋਰਟ ਨੇ ਇਸ ਤੋਂ ਪਰਦਾ ਚੁੱਕ ਦਿੱਤਾ ਅਤੇ ਅਦਾਲਤ ਨੇ 2 ਭਰਾਵਾਂ ਦੇ ਕਤਲ ਨੂੰ ਫੇਕ ਐਂਕਾਉਂਟਰ ਕਰਾਰ ਦਿੱਤਾ ।
2014 ਵਿੱਚ ਹੋਇਆ ਸੀ ਐਂਕਾਉਂਟਰ
2014 ਵਿੱਚ ਲੁਧਿਆਣਾ ਦੀ ਆਹਲੁਵਾਲੀਆ ਕਾਲੋਨੀ ਦੇ ਮਾਛੀਵਾੜਾ ਵਿੱਚ 2 ਸਕੇ ਭਰਾ 23 ਸਾਲਾ ਹਰਿੰਦਰ ਸਿੰਘ ਅਤੇ 25 ਸਾਲ ਦੇ ਜਤਿੰਦਰ ਸਿੰਘ ਰਹਿੰਦੇ ਸਨ । ਖੰਨਾ ਪੁਲਿਸ ਨੇ ਫਰਜ਼ੀ ਐਂਕਾਉਂਟਰ ਵਿੱਚ ਇੰਨਾਂ ਦੋਵਾਂ ਨੂੰ ਮਾਰ ਦਿੱਤਾ ਸੀ,ਇਸ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ, ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਹੋਮਗਾਰਡ ਦੇ ਜਵਾਨ ਅਜੀਤ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ, ਜਦਕਿ ਹੋਮਗਾਰਡ ਦੇ ਜਵਾਨ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ । ਫਰਜੀ ਐਂਕਾਉਂਟਰ ਮਾਮਲੇ ਵਿੱਚ SHO ਮਨਜਿੰਦਰ ਸਿੰਘ ਅਤੇ ਰੀਡਰ ਕਾਂਸਟੇਬਲ ਸੁਖਬੀਰ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਉਹ 7 ਸਾਲ ਤੋਂ ਫਰਾਰ ਦੱਸੇ ਜਾ ਰਹੇ ਹਨ । ਅਦਾਲਤ ਨੂੰ ਇਨਸਾਫ਼ ਤੱਕ ਪਹੁੰਚਣ ਵਿੱਚ ਮ੍ਰਿਤਕ ਭਰਾਵਾਂ ਦੀ ਪੋਸਟਮਾਰਟਮ ਰਿਪੋਰਟ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ ।
ਪੋਸਟਮਾਰਟਮ ਨੇ ਖੋਲ੍ਹਿਆ ਰਾਜ਼
ਅਦਾਲਤ ਦੇ ਸਾਹਮਣੇ ਜਦੋਂ ਮ੍ਰਿਤਕ ਹਰਿੰਦਰ ਅਤੇ ਜਤਿੰਦਰ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਤਾਂ ਖੁਲਾਸਾ ਹੋਇਆ ਕਿ ਗੋਲੀਆਂ ਕਾਫੀ ਨਜ਼ਦੀਕ ਤੋਂ ਚੱਲੀਆਂ ਸਨ । ਇਸ ਲਈ ਐਂਕਾਉਂਟਰ ਸ਼ੱਕ ਦੇ ਘੇਰੇ ਵਿੱਚ ਸੀ, ਇਸ ਤੋਂ ਇਲਾਵਾ ਗੋਲੀਆਂ ਸਰੀਰ ਦੇ ਆਰ-ਪਾਰ ਨਿਕਲ ਗਈਆਂ ਸਨ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਗੋਲੀਆਂ ਨਜ਼ਦੀਕ ਤੋਂ ਚੱਲੀਆਂ ਹੋਣ । ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਹਰਿੰਦਰ ਨੂੰ 3 ਗੋਲੀਆਂ ਲੱਗੀਆਂ ਸਨ,ਖੱਬੇ ਪਾਸੇ ਤੋਂ ਚਲਾਈ ਗਈ ਇੱਕ ਗੋਲੀ ਹਰਿੰਦਰ ਦੇ ਸਰੀਰ ਨੂੰ ਆਰ-ਪਾਰ ਕਰ ਗਈ ਸੀ ਜਦਕਿ ਛਾਤੀ ਵਿੱਚ ਚਲਾਈ ਗਈ ਗੋਲੀ ਸਰੀਰ ਵਿੱਚ ਰਹਿ ਗਈ ਸੀ । ਰਿਪੋਰਟ ਮੁਤਾਬਿਕ ਜਤਿੰਦਰ ਨੂੰ ਵੀ ਬਹੁਤ ਨੇੜੇ ਤੋਂ ਗੋਲਿਆਂ ਮਾਰੀਆਂ ਗਈਆਂ ਸਨ,ਇੱਕ ਗੋਲੀ ਸਿਰ ਵਿੱਚ ਲੱਗੀ ਸੀ ਜਦਕਿ ਦੂਜੀ ਧੌਣ ਦੇ ਪਾਰ ਹੋ ਗਈ ਸੀ