ਬਿਊਰੋ ਰਿਪੋਰਟ : ਲੁਧਿਆਣਾ ਤੋਂ ਸਾਹਮਣੇ ਆਈ ਵਾਰਦਾਤ ਨੇ ਹਰ ਇੱਕ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ । ਇੱਕ ਸ਼ਖ਼ਸ ਕਿਸ ਕਦਰ ਡਿੱਗ ਸਕਦਾ ਹੈ ਇਹ ਵਾਰਦਾਤ ਉਸ ਦਾ ਵੱਡਾ ਸਬੂਤ ਹੈ । ਲੁਧਿਆਣਾ ਸ਼ਹਿਰ ਦੇ ਇੱਕ ਆਟੋ ਡਰਾਈਵਰ ਨੇ ਪੂਰੇ ਪੰਜਾਬ ਨੂੰ ਸ਼ਰਮਿੰਦਾ ਕਰ ਦਿੱਤਾ ਹੈ । ਇਲਜ਼ਾਮ ਲੱਗਿਆ ਹੈ ਇੱਕ ਆਟੋ ਡਰਾਈਵਰ ਨੇ ਪਹਿਲਾਂ 5 ਸਾਲ ਦੀ ਬੱਚੀ ਨੂੰ ਅਗਵਾ ਕੀਤਾ ਫਿਰ ਉਸ ਦੇ ਨਾਲ ਦਰਿੰਦਗੀ ਕੀਤੀ ਅਤੇ ਫਿਰ ਉਸ ਨੂੰ ਪਾਰਕ ਵਿੱਚ ਛੱਡ ਦਿੱਤਾ । ਜਦੋਂ ਪੀੜਤ ਬੱਚੀ ਘਰ ਪਹੁੰਚੀ ਤਾਂ ਉਸ ਨੇ ਮਾਪਿਆਂ ਨੂੰ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ । ਜਿਸ ਤੋਂ ਬਾਅਦ ਪਰਿਵਾਰ ਨੇ ਦੁਗਰੀ ਪੁਲਿਸ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ । ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਆਟੋ ਡਰਾਈਵਰ ਫਰਾਰ ਹੋ ਗਿਆ ਹੈ।
ਪੁਲਿਸ ਨੇ ਮੁਲਜ਼ਮ ਆਟੋ ਡਰਾਈਵਰ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ । ਸ਼ਹਿਰ ਦੇ ਕਈ ਆਟੋ ਡਰਾਈਵਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਆਟੋ ਸਟੈਂਡ ‘ਤੇ ਚੈਕਿੰਗ ਕੀਤੀ ਜਾ ਰਹੀ ਹੈ । ਮੁਲਜ਼ਮ ਨੂੰ ਫੜਨ ਦੇ ਲਈ ਪੁਲਿਸ ਨੇ ਕਈ ਟੀਮਾਂ ਬਣਾ ਦਿੱਤੀਆਂ ਹਨ । ਤਾਂਕੀ ਜਲਦ ਤੋਂ ਜਲਦ ਮੁਲਜ਼ਮ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਜਾਵੇ। ਪੁਲਿਸ ਦੇ ਆਲਾ ਅਫਸਰ ਇਸ ਵਾਰਦਾਤ ਨੂੰ ਸੰਜੀਦਗੀ ਨਾਲ ਲੈ ਰਹੇ ਹਨ CIA-1 ਦੇ ਇੰਚਾਰਜ ਰਾਜੇਸ਼ ਸ਼ਰਮਾ, ACP ਵੈਭਵ ਸਹਿਗਲ ਅਤੇ sho ਮੱਧੂ ਬਾਲਾ ਆਪ ਸੜਕਾਂ ‘ਤੇ ਮੁਲਜ਼ਮ ਦੀ ਤਲਾਸ਼ ਕਰ ਰਹੇ ਹਨ ਅਤੇ cctv ਨੂੰ ਖੰਗਾਲ ਰਹੇ ਹਨ । ਘਟਨਾ ਵਾਲੀ ਥਾਂ ‘ਤੇ ਫਾਰੈਂਸਿਕ ਟੀਮਾਂ ਪਹੁੰਚ ਚੁੱਕਿਆ ਹਨ । ਪੁਲਿਸ ਹਰ ਉਹ ਸਬੂਤ ਤਲਾਸ਼ਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਮੁਲਜ਼ਮ ਤੱਕ ਪਹੁੰਚਾਏ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਮੋਹਾਲੀ ਵਿੱਚ ਇੱਕ ਆਟੋ ਚਾਲਕ ਵੱਲੋਂ ਆਪਣੇ ਸਾਥੀ ਨਾਲ ਇੱਕ ਕੁੜੀ ਨਾਲ ਛੇੜਖਾਨੀ ਕਰਨ ਦੀ ਹਰਕਤ ਸਾਹਮਣੇ ਆਈ ਸੀ ।
13 ਦਸੰਬਰ ਨੂੰ ਮੁਹਾਲੀ ਦੇ ਟਰੈਫ਼ਿਕ ਲਾਈਟ ਪੁਆਂਇੰਟ ਫੇਜ਼-6 ਤੋਂ ਆਟੋ ਵਿੱਚ ਸਵਾਰ ਹੋ ਕੇ ਜਾ ਰਹੀ ਮੁਟਿਆਰ ਨਾਲ ਆਟੋ ਚਾਲਕ ਅਤੇ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨਾਲ ਮਿਲ ਕੇ ਛੇੜਛਾੜ ਅਤੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸ਼ਿਕਾਇਤ ਮਿਲਣ ’ਤੇ ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ ਮਲਕੀਤ ਸਿੰਘ ਉਰਫ਼ ਬੰਟੀ ਵਾਸੀ ਪਿੰਡ ਰਡਿਆਲਾ (ਖਰੜ) ਹਾਲ ਵਾਸੀ ਨੇੜੇ ਸਟੇਡੀਅਮ ਕੁਰਾਲੀ ਅਤੇ ਮਨਮੋਹਨ ਸਿੰਘ ਉਰਫ਼ ਮਨੀ ਵਾਸੀ ਪਿੰਡ ਸਿੰਘਪੁਰਾ (ਕੁਰਾਲੀ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਅਪਰਾਧ ਲਈ ਵਰਤਿਆ ਆਟੋ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਸੀ ਕਿ ਮੁਲਜ਼ਮਾਂ ਨੇ 13 ਤੇ 14 ਦਸੰਬਰ ਦੀ ਦਰਮਿਆਨੀ ਰਾਤ ਨੂੰ ਇਸ ਜੁਰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਇੱਥੋਂ ਦੇ ਫੇਜ਼-6 ਸਥਿਤ ਟਰੈਫ਼ਿਕ ਲਾਈਟ ਪੁਆਂਇੰਟ ਤੋਂ ਆਟੋ ਲੈ ਕੇ ਜਾ ਰਹੀ ਸੀ ਤਾਂ ਆਟੋ ਵਿੱਚ ਇਕ ਹੋਰ ਵਿਅਕਤੀ ਪਿਛਲੀ ਸੀਟ ’ਤੇ ਬੈਠਾ ਸੀ। ਰਸਤੇ ਵਿੱਚ ਆਟੋ ਚਾਲਕ ਅਤੇ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨੇ ਲੜਕੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਕੁੱਟਮਾਰ ਕੀਤੀ ਗਈ।
ਮੁਲਜ਼ਮਾਂ ਨੇ ਪੀੜਤ ਲੜਕੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਲੜਕੀ ਨੇ ਹਿੰਮਤ ਕਰਕੇ ਰਿਆਤ ਐਂਡ ਬਾਹਰਾ ਹਸਪਤਾਲ ਕੋਲ ਜਾ ਕੇ ਆਟੋ ’ਚੋਂ ਛਾਲ ਮਾਰ ਦਿੱਤੀ। ਇਸ ਕਾਰਨ ਪੀੜਤ ਲੜਕੀ ਨੂੰ ਸੱਟਾਂ ਵੀ ਲੱਗੀਆਂ ਹਨ। ਇਸ ਘਟਨਾ ਸਬੰਧੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਖਰੜ ਵਿੱਚ ਪਰਚਾ ਦਰਜ ਕੀਤਾ ਹੈ।
ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਸੀ ਕਿ ਇਸ ਸਬੰਧੀ ਐੱਸਪੀ (ਡੀ) ਅਮਨਦੀਪ ਸਿੰਘ ਬਰਾੜ, ਐੱਸਪੀ ਦਿਹਾਤੀ ਨਵਰੀਤ ਸਿੰਘ ਵਿਰਕ, ਡੀਐੱਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ ਅਤੇ ਡੀਐੱਸਪੀ (ਜਾਂਚ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਸਬ ਇੰਸਪੈਕਟਰ ਭਗਤਵੀਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆ ਗਈਆਂ ਸਨ। ਪੁਲਿਸ ਨੇ 12 ਘੰਟਿਆਂ ਦੇ ਅੰਦਰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।