Punjab

ਲੁਧਿਆਣਾ ਪੁਲਿਸ ਦਾ ਵੇਖ ਲਓ ਹਾਲ ! ਥਾਣੇ ਵਿੱਚੋਂ ਮੁਲਾਜ਼ਮਾਂ ਦੇ ਸਾਹਮਣੇ ਕੁਰਸੀ ਲੈਕੇ ਫਰਾਰ ਹੋਇਆ ਚੋਰ !

ਬਿਉਰੋ ਰਿਪੋਰਟ : ਲੁਧਿਆਣਾ ਦੇ ਪੁਲਿਸ ਸਟੇਸ਼ਨ ਤੋਂ ਇੱਕ ਸ਼ੱਕੀ ਚੋਰ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਥਾਣੇ ਦੀ ਕੁਰਸੀ ਲੈਕੇ ਫਰਾਰ ਹੋ ਗਿਆ ਅਤੇ ਪੁਲਿਸ ਵਾਲਿਆਂ ਨੂੰ ਖਬਰ ਵੀ ਨਹੀਂ ਲੱਗੀ। ਇਹ ਘਟਨਾ ਹੈਰਾਨ ਕਰਨ ਵਾਲੀ ਹੈ । ਦਰਅਸਲ ਜਿਹੜਾ ਮੁਲਜ਼ਮ ਕੁਰਸੀ ਲੈਕੇ ਫਰਾਰ ਹੋਇਆ ਉਸ ਨੂੰ ਸਨੈਚਿੰਗ ਦੇ ਸ਼ੱਕ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਮੁਲਜ਼ਮ ਤੋਂ ਪੁੱਛ-ਗਿੱਛ ਹੋਣੀ ਸੀ,ਥਾਣੇ ਵਿੱਚ ਉਸ ਦੀ ਹੱਥਕੜੀ ਨੂੰ ਕੁਰਸੀ ਦੇ ਨਾਲ ਬੰਨ ਕੇ ਰੱਖਿਆ ਸੀ ।

ਪੁਲਿਸ ਮੁਲਾਜ਼ਮਾਂ ਦਾ ਧਿਆਨ ਦੂਜੇ ਪਾਸੇ ਵੇਖ ਸ਼ੱਕੀ ਸਨੈਚਰ ਕੁਰਸੀ ਦੇ ਨਾਲ ਹੀ ਫਰਾਰ ਹੋ ਗਿਆ। ਜਦੋਂ ਪੁਲਿਸ ਮੁਲਾਜ਼ਮਾਂ ਦਾ ਧਿਆਨ ਗਿਆ ਤਾਂ ਨਾ ਮੁਲਜ਼ਮ ਸੀ ਨਾ ਹੀ ਕੁਰਸੀ । ਜਿਸ ਤੋਂ ਬਾਅਦ ਪੂਰੇ ਪੁਲਿਸ ਸਟੇਸ਼ਨ ਵਿੱਚ ਹੜਕੰਪ ਮੱਚ ਗਿਆ,ਪੁਲਿਸ ਮੁਲਾਜ਼ਮ ਇੱਕ ਦੂਜੇ ਤੋਂ ਪੁੱਛ-ਗਿੱਛ ਕਰਨ ਲੱਗੇ ਤਾਂ ਫਿਰ ਮੁਲਜ਼ਮ ਨੂੰ ਫੜਨ ਦੇ ਲਈ ਇੱਕ ਟੀਮ ਰਵਾਨਾ ਹੋਈ

ਮੁਲਜ਼ਮ ਦਾ ਪਿੱਛਾ ਕਰਕੇ ਫੜਿਆ

ਫਰਾਰ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਪੁਲਿਸ ਦੀ ਟੀਮ ਉਸ ਕੋਲ ਪਹੁੰਚ ਗਈ ਅਤੇ ਕੁਰਸੀ ਸਮੇਤ ਉਸ ਨੂੰ ਵਾਪਸ ਲਿਆਇਆ ਗਿਆ। ਉਸ ਦਾ ਹੱਥ ਹੱਥਕੜੀ ਦੀ ਵਜ੍ਹਾ ਕਰਕੇ ਕੁਰਸੀ ਨਾਲ ਬੰਨਿਆ ਹੋਇਆ ਸੀ ਇਸ ਲਈ ਚੋਰ ਨੂੰ ਮਾਲ ਵਾਲੀ ਰੇਹੜੀ ਵਿੱਚ ਬਿਠਾ ਕੇ ਵਾਪਸ ਲਿਆਇਆ ਗਿਆ । ਰੇਹੜੀ ਚਲਾਉਣ ਵਾਲੇ ਨੂੰ ਮੁਲਜ਼ਮ ਨੂੰ ਵਾਪਸ ਥਾਣੇ ਲਿਆਉਣ ਦੇ ਲਈ ਕਿਹਾ ਗਿਆ । ਥਾਣਾ ਡਿਵੀਜਨ ਨੰਬਰ 4 ਦੇ SHO ਸਬ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ੱਕੀ ਦੇ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ । ਪੁਲਿਸ ਚੋਰੀ ਵਿੱਚ ਸ਼ਾਮਲ ਹੋਣ ਦੇ ਸ਼ੱਕ ਦੇ ਅਧਾਰ ‘ਤੇ ਮੁਲਜ਼ਮ ਤੋਂ ਪੁੱਛ-ਗਿੱਛ ਕਰ ਰਹੀ ਸੀ । ਉਸ ਨੇ ਭਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ ।

ਪੁਲਿਸ ਦੀ ਵੱਡੀ ਲਾਪਰਵਾਹੀ

ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਆਖਿਰ ਪੁਲਿਸ ਦੇ ਸਾਹਮਣੇ ਤੋਂ ਮੁਲਜ਼ਮ ਕਿਵੇਂ ਫਰਾਰ ਹੋ ਸਕਦਾ ਹੈ । ਪੁਲਿਸ ਹੁਣ ਪਲਾ ਝਾੜਨ ਦੇ ਲਈ ਭਾਵੇ ਇਹ ਕਹਿ ਰਹੀ ਹੈ ਕਿ ਉਸ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਸੀ। ਜੇਕਰ ਪੁੱਛ-ਗਿੱਛ ਬੁਲਾਇਆ ਗਿਆ ਸੀ ਤਾਂ ਉਸ ਦੇ ਹੱਥਾਂ ਵਿੱਚ ਹੱਥਕੜੀ ਕਿਉਂ ਲਗਾਈ ਗਈ ਸੀ ? ਉਸ ਨੂੰ ਕੁਰਸੀ ਨਾਲ ਕਿਉਂ ਬੰਨਿਆ ਗਿਆ ਸੀ । ਹੁਣ ਤੱਕ ਹਸਪਤਾਲ,ਪੇਸ਼ੀ ਦੌਰਾਨ, ਮੁਲਜ਼ਮਾਂ ਦੇ ਫਰਾਰ ਹੋਣ ਦੇ ਮਾਮਲੇ ਸਾਹਮਣੇ ਆਏ ਸਨ ਪਰ ਪੁਲਿਸ ਦੇ ਸਾਹਮਣੇ ਥਾਣੇ ਤੋਂ ਫਰਾਰ ਹੋਣਾ ਗੰਭੀਰ ਮਾਮਲਾ ਹੈ । ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਆਰਾਮ ਨਾਲ ਛੱਡ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਕੈਦੀ ਵੀ ਇਸੇ ਤਰ੍ਹਾ ਫਰਾਰ ਹੋ ਸਕਦਾ ਹੈ ।