ਬਿਉਰੋ ਰਿਪੋਰਟ : ਲੁਧਿਆਣਾ ਦੇ ਬਦੋਵਾਲ ਸਥਿਤ ਸਰਕਾਰੀ ਸਮਾਰਟ ਸਕੂਲ ਦਾ ਲੈਂਟਰ ਡਿੱਗ ਗਿਆ ਜਿਸ ਨਾਲ ਅਫਰਾ-ਤਫਰੀ ਮੱਚ ਗਈ । ਮਲਵੇ ਵਿੱਚ ਤਕਰੀਬਨ 4 ਅਧਿਆਪਕ ਦਬੇ ਸਨ । ਜਿਸ ਤੋਂ ਬਾਅਦ 3 ਅਧਿਆਪਕਾਂ ਨੂੰ ਬਚਾ ਲਿਆ ਗਿਆ । ਜਦਕਿ 1 ਅਧਿਆਪਕ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦੇ ਹੋਏ ਦੁੱਖ ਜਤਾਇਆ ਹੈ । ਘਟਨਾ ਦੀ ਇਤਲਾਹ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ ।
ਜਖਮੀ ਅਧਿਆਪਕ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ
ਜਾਣਕਾਰੀ ਦੇ ਮੁਤਾਬਿਕ ਲੈਂਟਰ ਅਧਿਆਪਕਾਂ ਦੇ ਸਟਾਫ ਰੂਮ ਵਿੱਚ ਡਿੱਗਿਆ,ਘਟਨਾ ਦੇ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਮੌਕੇ ਤੋਂ ਬਚਾਉਣਾ ਸ਼ੁਰੂ ਕਰ ਦਿੱਤਾ । ਬਚਾਏ ਗਏ ਅਧਿਆਪਕਾਂ ਨੂੰ ਫੌਰਨ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਇਸ ਘਟਨਾ ਦੇ ਵਕਤ ਬੱਚੇ ਸਕੂਲ ਵਿੱਚ ਸਨ । ਜਖ਼ਮੀ ਅਧਿਆਪਕਾਂ ਦੀ ਪਛਾਣ ਨਰਿੰਦਰਜੀਤ ਕੌਰ,ਇੰਦੂ ਰਾਣੀ ਅਤੇ ਸੁਰਜੀਤ ਕੌਰ ਦੇ ਰੂਪ ਵਿੱਚ ਹੋਈ ਹੈ ।
ਖਸਤਾ ਹਾਲ ਵਿੱਚ ਸੀ ਬਿਲਡਿੰਗ
ਤੁਹਾਨੂੰ ਦੱਸ ਦੇਈਏ ਕਿ ਬਿਲਡਿੰਗ ਦੀ ਹਾਲਤ ਬਹੁਤ ਹੀ ਮਾੜੀ ਸੀ ਦੂਜੀ ਮੰਜ਼ਿਲ ਵਿੱਚ ਮਰਮਤ ਦਾ ਕੰਮ ਚੱਲ ਰਿਹਾ ਸੀ ਅਚਾਨਕ ਦੂਜੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ । ਜਿਸ ਦੀ ਵਜ੍ਹਾ ਕਰਕੇ ਪਹਿਲੀ ਮੰਜ਼ਿਲ ਵੀ ਡਿੱਗ ਗਈ। ਗਨੀਮਤ ਇਹ ਰਹੀ ਕਿ ਹਾਦਸੇ ਦੇ ਸਮੇਂ ਵਿਦਿਆਰਥੀ ਇਸ ਬਿਲਡਿੰਗ ਦੇ ਨਜ਼ਦੀਕ ਨਹੀਂ ਸਨ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ ।
ਅਧਿਆਪਕ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ
NDRF ਨੇ ਸੰਭਾਲਿਆ ਮੋਰਚਾ
ਹਾਦਸੇ ਦੇ ਫੌਰਨ ਬਾਅਦ ਲੁਧਿਆਣਾ ਜ਼ਿਲ੍ਹਾਂ ਪ੍ਰਸ਼ਾਸਨ ਨੇ NDRF ਦੀ ਟੀਮ ਨੂੰ ਇਤਲਾਹ ਕੀਤੀ । ਟੀਮ ਵਿੱਚ ਕੁੱਲ 18 ਲੋਕਾਂ ਦੇ ਗਰੁੱਪ ਨੇ ਘਟਨਾ ਵਾਲੀ ਥਾਂ ‘ਤੇ ਰੈਸਕਿਉ ਕੀਤਾ । ਫਿਲਹਾਲ 4 ਅਧਿਆਪਕਾਂ ਨੂੰ ਮਲਬੇ ਵਿੱਚੋ ਕੱਢ ਕੇ ਹਸਪਤਾਲ ਵਿੱਚ ਭੇਜਿਆ ਗਿਆ ਹੈ । ਫਿਲਹਾਲ ਕਈ ਲੋਕਾਂ ਦੇ ਮਲਬੇ ਵਿੱਚ ਦਬੇ ਹੋਣ ਦੀ ਸੰਭਾਵਨਾ ਹੈ । ਡੀਸੀ ਸੁਰਭੀ ਮਲਿਕ ਨੇ ਦੱਸਿਆ ਕਿ ਜਿਹੜੇ ਲੋਕ ਜਖਮੀ ਹਨ ਉਨ੍ਹਾਂ ਨੂੰ ਫੌਰਨ ਹਸਪਤਾਲ ਵਿੱਚ ਭੇਜਿਆ ਗਿਆ ਹੈ । ਉਧਰ ਸਕੂਲ ਨੂੰ ਚਾਰੋ ਪਾਸੇ ਤੋਂ ਸੀਲ ਕਰ ਦਿੱਤਾ ਗਿਆ ਹੈ । ਬਿਲਡਿੰਗ ਵਿੱਚ NDRF ਦੀ ਟੀਮ ਰੈਸਕਿਉ ਆਪਰੇਸ਼ਨ ਚੱਲਾ ਰਹੀ ਹੈ ।
ਬਿੱਟੂ ਸਿੱਖਿਆ ਮੰਤਰੀ ਤੇ ਭੜਕੇ
ਬਦੋਵਾਲ ਵਿੱਚ ਸਕੂਲ ਦਾ ਲੈਂਟਰ ਡਿੱਗਣ ਨੂੰ ਲੈਕੇ ਐੱਮਪੀ ਰਵਨੀਤ ਬਿੱਟੂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਭੜਕੇ। ਘਟਨਾ ਵਾਲੀ ਥਾਂ ‘ਤੇ ਪਹੁੰਚ ਰਵਨੀਤ ਬਿੱਟੂ ਨੇ ਕਿਹਾ ਕਿ ਸਿੱਖਿਆ ਮੰਤਰੀ ਸਿੱਖਿਆ ਪ੍ਰਣਾਲੀ ਅਤੇ ਸਕੂਲ ਦੀ ਇਮਾਰਤਾਂ ਦਾ ਖਿਆਲ ਨਹੀਂ ਰੱਖ ਰਹੇ ਹਨ । ਸਿਰਫ ਅਫਸਰਾਂ ਦੇ ਤਬਾਦਲੇ ਵਿੱਚ ਉਲਝੇ ਹੋਏ ਹਨ । ਪੰਜਾਬ ਦੇ ਲੋਕਾਂ ਨੇ ਜਿਸ ਬਦਲਾਅ ਦੇ ਲਈ ਵੋਟ ਕੀਤਾ ਸੀ ਉਹ ਹੁਣ ਪੱਛਤਾ ਰਹੇ ਹਨ । ਉਨ੍ਹਾਂ ਕਿਹਾ ਜਿਸ ਅਧਿਕਾਰੀ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਲੈਂਟਰ ਡਿੱਗਿਆ ਹੈ ਉਸ ‘ਤੇ 302 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ।