Punjab

ਲੁਧਿਆਣਾ ‘ਚ ਡੇਢ ਮਹੀਨੇ ਦੌਰਾਨ ਦੂਜੀ ਵਾਰ ਇੱਕ ਹੀ ਪਰਿਵਾਰ ਦੇ ਸਾਹ ਮੁੱਕੇ ! ਬਦਬੂ ਨਾ ਫੈਲੇ ਇਸ ਲਈ ਚੱਲੀ ਕਈ ਵੱਡੀ ਚਾਲ

 

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਹਾਈ ਪ੍ਰੋਫਾਈਲ ਟ੍ਰਿਪਲ ਮਰਡਰ ਦਾ ਡੇਢ ਮਹੀਨੇ ਅੰਦਰ ਦੂਜਾ ਵੱਡਾ ਮਾਮਲਾ ਸਾਹਮਣੇ ਆਇਆ ਹੈ । ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ । ਇੱਕ ਵਾਰ ਮੁੜ ਤੋਂ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਤਾਜ਼ਾ ਵਾਰਦਾਤ ਸਲੇਮ ਟਾਬਰੀ ਅਧੀਨ ਨਿਊ ਜਨਕਪੁਰੀ ਇਲਾਕੇ ਵਿੱਚ ਹੋਈ ਹੈ।

ਵਾਰਦਾਤ ਦਾ ਪਤਾ ਸਵੇਰ 10 ਵਜੇ ਚੱਲਿਆ ਹੈ, ਜਦੋਂ ਦੁੱਧ ਦੇਣ ਲਈ ਇੱਕ ਵਿਅਕਤੀ ਘਰ ਆਇਆ। ਪਿਛਲੇ ਤਿੰਨ ਦਿਨ ਤੋਂ ਕੋਈ ਵੀ ਦੁੱਧ ਲੈਣ ਲਈ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ । ਜਦੋਂ ਦੁੱਧ ਵਾਲੇ ਨੇ ਗੁਆਂਢੀ ਨੂੰ ਦੱਸਿਆ ਤਾਂ ਵਿਦੇਸ਼ ਰਹਿੰਦੇ 4 ਪੁੱਤਰਾਂ ਨੂੰ ਉਨ੍ਹਾਂ ਨੇ ਫ਼ੋਨ ਕਰਕੇ ਜਾਣਕਾਰੀ ਦਿੱਤੀ । ਪੁੱਤਰਾਂ ਨੇ ਕਿਹਾ ਤੁਸੀਂ ਦੀਵਾਰ ਟੱਪ ਕੇ ਅੰਦਰ ਜਾਓ,ਜਿਵੇਂ ਹੀ ਗੁਆਂਢੀ ਅੰਦਰ ਗਏ 2 ਲਾਸ਼ਾਂ ਬੈੱਡ ‘ਤੇ ਅਤੇ ਇੱਕ ਜ਼ਮੀਨ ‘ਤੇ ਸੀ। ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ ਗਈ । ਗੁਆਂਢੀਆਂ ਮੁਤਾਬਕ ਲਾਸ਼ਾਂ ‘ਤੇ ਤਿੱਖੇ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ ਅਤੇ ਘਰ ਤੋਂ LPG ਗੈਸ ਦੀ ਬਦਬੂ ਆ ਰਹੀ ਸੀ ।

ਮ੍ਰਿਤਕ ਦੀ ਪਛਾਣ ਚਮਨ ਲਾਲ,ਉਸ ਦੀ ਪਤਨੀ ਸੁਰਿੰਦਰ ਕੌਰ ਅਤੇ ਮਾਂ ਬਚਨ ਕੌਰ ਦੇ ਤੌਰ ‘ਤੇ ਹੋਈ ਹੈ । ਇਨ੍ਹਾਂ ਦੀ ਉਮਰ 70 ਤੋਂ 90 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ । ਚਮਨ ਲਾਲ ਦੇ ਚਾਰੋ ਮੁੰਡੇ ਵਿਦੇਸ਼ ਰਹਿੰਦੇ ਹਨ, ਗੁਆਂਢੀਆਂ ਦਾ ਕਹਿਣਾ ਹੈ ਕਿ 6 ਤਰੀਕ ਨੂੰ ਗਲੀ ਵਿੱਚ ਮੇਲਾ ਲੱਗਿਆ ਸੀ । ਪਰ ਪਰਿਵਾਰ 5 ਜੁਲਾਈ ਤੋਂ ਬਾਹਰ ਨਹੀਂ ਨਿਕਲਿਆ । ਆਲ਼ੇ-ਦੁਆਲੇ ਲੋਕਾਂ ਦਾ ਕਹਿਣਾ ਹੈ ਕਿ ਗਲੀ ਸੁੰਨਸਾਨ ਨਹੀਂ ਹੈ ਕੋਈ ਨਾ ਕੋਈ ਬਾਹਰ ਬੈਠਾ ਰਹਿੰਦਾ ਹੈ, ਘਰ ਦੇ ਮਾਲਕ ਚਮਨ ਲਾਲ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਮੁਹੱਲੇ ਵਿੱਚ ਸਾਰਿਆਂ ਨਾਲ ਚੰਗੇ ਸਬੰਧ ਸਨ। ਉੱਧਰ ਲੁਧਿਆਣਾ ਦੀ ਜੁਆਇੰਟ ਸੀਪੀ ਸੌਮਿਆ ਮਿਸ਼ਰਾ ਮੌਕੇ ‘ਤੇ ਆਪ ਪਹੁੰਚੀ ਹੈ ਅਤੇ ਉਨ੍ਹਾਂ ਦੋ ਅਹਿਮ ਸ਼ੱਕ ਜਤਾਏ ਹਨ।

ਪੁਲਿਸ ਨੂੰ ਇਹ 2 ਸ਼ੱਕ

ਟ੍ਰਿਪਲ ਕਤਲ ਕਾਂਡ ਦੀ ਜਾਂਚ ਦੇ ਲਈ ਪੁਲਿਸ ਦੀਆਂ ਕਈ ਟੀਮਾਂ ਮੌਕੇ ‘ਤੇ ਮੌਜੂਦ ਹਨ। ਫੋਰੈਂਸਿਕ ਟੀਮ ਸਬੂਤ ਇਕੱਠੇ ਕਰ ਰਹੀ ਹੈ। ਘਰ ਅਤੇ ਆਲ਼ੇ-ਦੁਆਲੇ ਦੇ ਸੀਸੀਟੀਵੀ ਤੋਂ ਜਾਂਚ ਕੀਤੀ ਜਾ ਰਹੀ ਹੈ। ਜੁਆਇੰਟ ਸੀਪੀ ਸੌਮਿਆ ਮਿਸ਼ਰਾ ਦੇ ਮੁਤਾਬਿਕ ਕਾਤਲ ਕੋਈ ਨਜ਼ਦੀਕੀ ਹੋ ਸਕਦਾ ਹੈ ਪਰ ਉਹ ਇਸ ਮਾਮਲੇ ਦੀ ਪੂਰੀ ਤੈਅ ਤੱਕ ਜਾਣਗੇ। ਪੁਲਿਸ ਰਿਸ਼ਤੇਦਾਰਾਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।

ਪੁਲਿਸ ਨੇ ਮੌਕੇ ਤੋਂ LPG ਗੈਸ ਦਾ ਸਿਲੰਡਰ ਖੁੱਲ੍ਹਿਆ ਹੋਇਆ ਵੀ ਮਿਲਿਆ ਹੈ, ਜਿਸ ਤੋਂ ਲੱਗਦਾ ਹੈ ਕਿ ਕਾਤਲ ਨੇ ਲਾਸ਼ਾਂ ਦੀ ਬਦਬੂ ਬਾਹਰ ਨਾ ਫੈਲੇ ਇਸ ਲਈ ਅਜਿਹੀ ਹਰਕਤ ਕੀਤੀ ਹੋਵੇ । ਪਰ ਇਸ ਨਾਲ ਹੋਰ ਵੀ ਖ਼ਤਰਨਾਕ ਵਾਰਦਾਤ ਹੋ ਸਕਦੀ ਸੀ । ਜੇਕਰ ਕੋਈ ਘਰ ਵਿੱਚ ਦਾਖਲ ਹੋਕੇ ਇਲੈਕਟ੍ਰਿਕ ਸਵਿੱਚ ਦਬਾਉਂਦਾ ਤਾਂ ਵੱਡਾ ਧਮਾਕਾ ਹੋ ਸਕਦਾ ਸੀ ਅਤੇ ਆਲ਼ੇ ਦੁਆਲੇ ਦੇ ਘਰਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ। ਸ਼ਾਇਦ ਕਾਤਲ ਵਾਰਦਾਤ ਨੂੰ ਦੁਰਘਟਨਾ ਵਿਖਾਉਣਾ ਚਾਹੁੰਦਾ ਸੀ । ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਘਰ ਵਿੱਚ ਕੋਈ ਸਮਾਨ ਤਾਂ ਗ਼ਾਇਬ ਨਹੀਂ ਹੈ । ਡੇਢ ਮਹੀਨੇ ਪਹਿਲਾਂ ਵੀ ਲੁਧਿਆਣਾ ਵਿੱਚ ਟ੍ਰਿਪਲ ਮਰਡਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਸੀ ।

ਨਸ਼ੇੜੀ ਨੇ ਟ੍ਰਿਪਲ ਮਰਡਰ ਨੂੰ ਅੰਜਾਮ ਦਿੱਤਾ ਸੀ

ਦੱਸ ਦੇਈਏ ਕਿ ਡੇਢ ਮਹੀਨੇ ਪਹਿਲਾਂ ਵੀ ਲੁਧਿਆਣਾ ਵਿੱਚ ਅਜਿਹੀ ਵਾਰਦਾਤ ਵਾਪਰੀ ਸੀ। ਜਿਸ ਵਿੱਚ ਲਾਡੋਵਾਲੀ ਦੇ ਨੂਰਪੁਰ ਬੇਟ ਵਿੱਚ ਸਾਬਕਾ ASI ਕੁਲਦੀਪ ਸਿੰਘ ਉਸ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਗੁਰਵਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਰਾਤ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। 2 ਦਿਨ ਪਹਿਲਾਂ ਗਰਭਵਤੀ ਨੂੰਹ ਪੇਕੇ ਗਈ ਸੀ। ਇਸ ਮਾਮਲੇ ਵਿੱਚ ਪ੍ਰੇਮ ਚੰਦ ਉਰਫ਼ ਮਿਥੁਨ ਨਾਂਅ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਕਤਲ ਦੌਰਾਨ ਸਾਬਕਾ ਏਐੱਸਆਈ ਸ਼ੋਰ ਨਾ ਮਚਾ ਸੱਕੇ ਇਸ ਲਈ ਮੁਲਜ਼ਮਾਂ ਨੇ ਉਨ੍ਹਾਂ ਦੇ ਗਲੇ ਵਿੱਚ ਰਾਡ ਪਾ ਦਿੱਤੀ ਸੀ। ਪੁਲਿਸ ਮੁਤਾਬਕ ਮੁਲਜ਼ਮ ਹੁਣ ਤੱਕ ਨਸ਼ੇ ਲਈ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ। ਉਸ ਨੂੰ ਇਹ ਨਹੀਂ ਪਤਾ ਸੀ ਉਸ ਨੇ ਕਿਹੜੇ ਸ਼ਹਿਰਾਂ ਵਿੱਚ ਕਿੰਨੀਆਂ ਵਾਰਦਾਤਾਂ ਕੀਤੀਆਂ ਸਨ। DSP ਫਿਲੌਰ ਜਗਦੀਸ਼ ਰਾਜ ਨੇ ਖ਼ੁਲਾਸਾ ਕੀਤਾ ਸੀ ਕਿ ਮਿਥੁਨ ਨੇ ਫਿਲੌਰ ਵਿੱਚ 4 ਲੋਕਾਂ ਦਾ ਕਤਲ ਕੀਤਾ ਸੀ ਜਦਕਿ 2 ਔਰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਪਿੰਡ ਤਲਵੰਡੀ ਵਿੱਚ ਉਸ ਨੇ ਮਾਲਕ ਅਤੇ ਉਸ ਦੇ ਕੁੱਤੇ ਨੂੰ ਗੋਲੀਆਂ ਚਲਾਈਆਂ ਸਨ ਅਤੇ ਫਿਰ ਰਿਵਾਲਵਰ ਛੱਡ ਕੇ ਫ਼ਰਾਰ ਹੋ ਗਿਆ ਸੀ। ਸਿਰਫ਼ ਇਨ੍ਹਾਂ ਹੀ ਮਿਥੁਨ ਨੇ ਇੱਕ ਮਹਿਲਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਗਟਰ ਵਿੱਚ ਸੁੱਟ ਦਿੱਤਾ ਸੀ।