ਬਿਊਰੋ ਰਿਪੋਰਟ : ਲੁਧਿਆਣ ਦੇ ਮਸ਼ਹੂਰ ਢਾਬੇ ਦੀ ਮਟਨ ਪਲੇਟ ਵਿੱਚੋ ਮਰਿਆ ਹੋਇਆ ਚੂਹਾ ਮਿਲਣ ਤੋਂ ਬਾਅਦ ਥਾਣਾ ਡਿਵੀਜਨ ਨੰਬਰ 6 ਪੁਲਿਸ ਨੇ ਮਾਲਿਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । FIR ਪ੍ਰੇਮ ਨਗਰ ਦੇ ਰਹਿਣ ਵਾਲੇ ਵਿਵੇਕ ਕੁਮਾਰ ਦੀ ਸ਼ਿਕਾਇਤ ‘ਤੇ ਹੋਈ ਹੈ । ਵਿਵੇਕ ਨੇ ਪੁਲਿਸ ਨੂੰ ਕਿਹਾ ਹੈ ਕਿ ਉਹ ਐਤਵਾਰ ਰਾਤ ਨੂੰ ਪਰਿਵਾਰ ਦੇ ਨਾਲ ਖਾਣਾ ਖਾਣ ਦੇ ਲਈ ਵਿਸ਼ਕਰਮਾ ਚੌਕ ‘ਤੇ ਪ੍ਰਕਾਸ਼ ਢਾਬਾ ਗਿਆ ਸੀ । ਉਨ੍ਹਾ ਨੇ ਮੀਟ ਅਤੇ ਚਿਕਨ ਆਰਡਰ ਕੀਤੇ ਸਨ । ਉਨ੍ਹਾਂ ਨੇ ਜਿਵੇਂ ਹੀ ਮਟਨ ਦੀ ਪਲੇਟ ਤੋਂ ਖਾਣਾ ਸੁਰੂ ਕੀਤਾ ਤਾਂ ਚਮਚੇ ਵਿੱਚ ਮਰਿਆ ਹੋਇਆ ਚੂਹਾ ਮਿਲਿਆ । ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਢਾਬਾ ਮਾਲਿਕ ਨੇ ਉਸ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ । ਖਾਣਾ ਖਾਣ ਦੇ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਢਿੱਡ ਵਿੱਚ ਦਰਦ ਸ਼ੁਰੂ ਹੋ ਗਿਆ,ਉਸ ਨੇ ਪੂਰੇ ਮਾਮਲੇ ਦਾ ਵੀਡੀਓ ਵੀ ਬਣਾਇਆ ਸੀ ।
ਮਾਮਲੇ ਦੀ ਜਾਂਚ ਕਰ ਰਹੇ ASI ਪਰਮਜੀਤ ਸਿੰਘ ਨੇ ਕਿਹਾ ਕਿ IPC ਦੀ ਧਾਰਾ 273 (ਖਤਨਾਕ ਖਾਣੇ ਦੀ ਵਿਕਰੀ ) ਅਤੇ 269 (ਲਾਪਰਵਾਹੀ ਦੇ ਨਾਲ ਕੰਮ ਕਰਨ ਜਿਸ ਨਾਲ ਜੀਵਨ ਵਿੱਚ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ ) ਦੇ ਤਹਿਤ FIR ਦਰਜ ਕੀਤੀ ਗਈ ਹੈ । ਉਨ੍ਹਾਂ ਨੇ ਕਿਹਾ ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਏਗੀ । ਇਸ ਵਿਚਾਲੇ ਢਾਬਾ ਮਾਲਿਕ ਹਨੀ ਘਈ ਨੇ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਗ੍ਰਾਹਕ ਨੇ ਬਿੱਲ ਵਿੱਚ ਛੋਟ ਮੰਗੀ ਸੀ ਜਿਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ । ਢਾਬੇ ਨੂੰ ਬਦਨਾਮ ਕਰਨ ਦੇ ਲਈ ਸਾਜਿਸ਼ ਦੇ ਤਹਿਤ ਹਰ ਹਰਕਤ ਕੀਤੀ ਗਈ ਹੈ ।
ਗਾਹਕ ‘ਤੇ ਪਹਿਲਾਂ ਤੋਂ ਝਗੜੇ ਦਾ ਇਲਜ਼ਾਮ ਲਗਾਇਆ
ਹਨੀ ਘਈ ਨੇ ਕਿਹਾ ਉਸ ਦੇ ਢਾਬੇ ਦੀ ਸਿਹਤ ਵਿਭਾਗ ਕੋਲੋ ਚੈਕਿੰਗ ਕਰਵਾਇਆ ਜਾ ਸਕਦੀ ਹੈ । ਉਸ ਦਾ ਖਾਣਾ ਬਿਲਕੁਲ ਸਾਫ ਸੁਥਰਾ ਹੈ । ਮੈਨੇਜਰ ਨੇ ਉਸ ਨੂੰ ਦੱਸਿਆ ਕਿ ਜਿਸ ਵਿਅਕਤੀ ਦੇ ਮਟਨ ਵਿੱਚ ਚੂਹਾ ਮਿਲਿਆ ਹੈ ਉਹ 3 ਮਹੀਨੇ ਪਹਿਲਾਂ ਵੀ ਢਾਬੇ ‘ਤੇ ਆਇਆ ਸੀ । ਉਸ ਦੌਰਾਨ ਉਸ ਵਿਅਕਤੀ ਨੇ ਬਿੱਲ ਵਿੱਚ ਛੋਟ ਲੈਣ ਦੇ ਲਈ ਕਾਫੀ ਡਰਾਮਾ ਕੀਤਾ ਸੀ ਅਤੇ ਗ੍ਰੇਵੀ ਨੂੰ ਲੈਕੇ ਵੀ ਝਗੜਾ ਕੀਤਾ ਸੀ ।
CCTV ਦੀ ਰੇਂਜ ਤੋਂ ਦੂਰ ਸੀ ਟੇਬਲ
ਹਨੀ ਘਈ ਨੇ ਦੱਸਿਆ ਕਿ ਗਾਹਕ ਬਣ ਕੇ ਕੁਝ ਵਿਅਕਤੀਆਂ ਨੇ CCTV ਕੈਮਰੇ ਦੀ ਰੇਂਜ ਤੋਂ ਬਾਹਰ ਟੇਬਲ ਬੈਠਣ ਨੂੰ ਲਈ ਹੈ। ਜਦਕਿ ਪੂਰਾ ਢਾਬਾ ਖਾਲੀ ਸੀ। ਖਾਣਾ ਖਾਣ ਦੇ ਬਾਅਦ ਬਿੱਲ ਦੇਣ ਦੇ ਸਮੇਂ ਉਸ ਨੇ ਡ੍ਰਾਮੇਬਾਜ਼ੀ ਕੀਤੀ । ਉਸ ਦੇ ਢਾਬੇ ਦੀ ਟਾਇਲਾਂ ਲਗਾਉਣ ਦਾ ਕੰਮ ਚੱਲ ਰਿਹਾ ਸੀ । ਇਸ ਕਾਰਨ ਕੈਮਰੇ ਸਹੀ ਨਾਲ ਕੰਮ ਨਹੀਂ ਕਰ ਰਹੇ ਸਨ,ਜਿਸ ਦਾ ਫਾਇਦਾ ਵਿਅਕਤੀ ਨੇ ਚੁੱਕਿਆ । ਢਾਬੇ ਦੇ ਮਾਲਿਕ ਨੇ ਦੱਸਿਆ ਕਿ 54 ਸਾਲ ਉਨ੍ਹਾਂ ਦੇ ਢਾਬੇ ਨੂੰ ਹੋ ਗਏ ਹਨ । ਉਨ੍ਹਾਂ ਦੀ ਚੌਥੀ ਪੀੜੀ ਢਾਬੇ ‘ਤੇ ਕੰਮ ਕਰ ਰਹੀ ਹੈ । ਸ਼ਹਿਰ ਵਿੱਚ ਉਨ੍ਹਾਂ ਦੇ ਚਾਰ ਢਾਬੇ ਹਨ ।