Punjab

PSPCL ਅਧਿਕਾਰੀਆਂ ਦੇ ਅਗਵਾਹ ਮਾਮਲੇ ’ਚ ਵੱਡਾ ਖ਼ੁਲਾਸਾ! ਇੱਕ ਮਹੀਨਾ ਪਹਿਲਾਂ ਰਚੀ ਸੀ ਸਾਜ਼ਿਸ਼

ਬਿਊਰੋ ਰਿਪੋਰਟ (ਲੁਧਿਆਣਾ, 19 ਅਕਤੂਬਰ 2025): ਲੁਧਿਆਣਾ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਦੋ ਅਧਿਕਾਰੀਆਂ ਦੇ ਅਗਵਾਹ ਅਤੇ ₹7.20 ਲੱਖ ਦੀ ਵਸੂਲੀ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਮੁਲਜ਼ਮਾਂ ਨੇ ਪੁਲਿਸ ਪੁੱਛਗਿੱਛ ਦੌਰਾਨ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੁਲਜ਼ਮ ਪਿਛਲੇ ਇੱਕ ਮਹੀਨੇ ਤੋਂ ਇਸ ਸਾਜ਼ਿਸ਼ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ ਘਟਨਾ ਤੋਂ ਪਹਿਲਾਂ 22 ਦਿਨ ਤੱਕ ਪੂਰੀ ਰੇਕੀ ਕੀਤੀ ਸੀ।

ਵਰਦੀ ਵਾਲਿਆਂ ਦੀ ਵੀ ਤਲਾਸ਼

ਪੁਲਿਸ ਨੂੰ ਮੁਲਜ਼ਮਾਂ ਦੇ ਮੋਬਾਈਲ ’ਚ ਪੁਲਿਸ ਵਰਦੀ ਪਹਿਨੇ ਹੋਏ ਫੋਟੋ ਮਿਲੇ ਹਨ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਵਰਦੀਆਂ ਉਨ੍ਹਾਂ ਨੇ ਕਿੱਥੋਂ ਖਰੀਦੀਆਂ ਸਨ। ਡੀਐਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਇਹ ਵੀ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਦਾਖਾ ਦੇ ਇਨ੍ਹਾਂ ਦੋ PSPCL ਅਧਿਕਾਰੀਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ?

ਪਟਿਆਨਾ ਦੇ ਰਹਿਣ ਵਾਲੇ ਹਨ ਮੁਲਜ਼ਮ

ਗ੍ਰਿਫ਼ਤਾਰ ਦੋਸ਼ੀਆਂ ਵਿੱਚ ਪਟਿਆਲਾ ਦੇ ਰੰਜੀਤ ਨਗਰ ਦੇ ਅਮਨਦੀਪ ਸਿੰਘ ਉਰਫ਼ ਰਾਜਵੀਰ ਉਰਫ਼ ਅਮਨ ਰਾਜਪੂਤ ਅਤੇ ਤ੍ਰਿਪਾੜੀ ਦੇ ਗੁਰਵਿੰਦਰ ਸਿੰਘ ਉਰਫ਼ ਗਗਨ ਸ਼ਾਮਲ ਹਨ। ਉਨ੍ਹਾਂ ਦੇ ਸਾਥੀ ਵਜੋਂ ਕਿਲ੍ਹਾ ਚੌਕ ਦੇ ਵਿਨੇ ਅਰੋੜਾ ਅਤੇ ਸਫਾਬਾਦੀ ਗੇਟ ਦੇ ਬ੍ਰਹਮਪ੍ਰੀਤ ਸਿੰਘ ਦੇ ਨਾਮ ਸਾਹਮਣੇ ਆਏ ਹਨ।

ਜਬਰਦਸਤ ਵਸੂਲੀ ਦੀ ਰਕਮ ਵੰਡਣ ਲਈ ਮਿਲੇ ਸਨ ਇਕੱਠੇ

ਡੀਐਸਪੀ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਇਕ ਟਿਯੋਟਾ ਇਨੋਵਾ ਵੀ ਬਰਾਮਦ ਕੀਤੀ, ਜਿਸ ਵਿੱਚ ਉਹ ਜ਼ਬਰਦਸਤ ਵਸੂਲੀ ਦੀ ਰਕਮ ਵੰਡਣ ਲਈ ਇਕੱਠੇ ਹੋਏ ਸਨ।

ਉਦਯੋਗਪਤੀ ਬਣ ਕੇ ਕੀਤਾ ਸੰਪਰਕ

ਦੋਸ਼ੀਆਂ ਨੇ ਆਪਣੇ ਆਪ ਨੂੰ ਉਦਯੋਗਪਤੀ ਦੱਸ ਕੇ PSPCL ਦਾਖਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਪਲਾਸਟਿਕ ਬੋਤਲਾਂ ਦੀ ਫੈਕਟਰੀ ਲਈ ਨਵਾਂ ਬਿਜਲੀ ਕਨੈਕਸ਼ਨ ਲੈਣ ਦੇ ਨਾਂ ’ਤੇ ਕਾਗਜ਼ਾਂ ਬਾਰੇ ਪੁੱਛਗਿੱਛ ਕੀਤੀ।

13 ਅਕਤੂਬਰ ਨੂੰ ਦਿੱਤੀ ਘਟਨਾ ਨੂੰ ਅੰਜਾਮ

13 ਅਕਤੂਬਰ ਨੂੰ ਮੁਲਜ਼ਮਾਂ ਨੇ PSPCL ਦਾਖਾ ਦੇ SDO ਜਸਕਿਰਨਪ੍ਰੀਤ ਸਿੰਘ ਅਤੇ JE ਪਰਮਿੰਦਰ ਸਿੰਘ ਨੂੰ ਜਾਲ ਵਿੱਚ ਫਸਾਇਆ। ਮੁਲਜ਼ਮਾਂ ਨੇ ਆਪਣੇ ਆਪ ਨੂੰ ਵਿਜੀਲੈਂਸ ਵਿੰਗ ਦੇ ਮੁਲਾਜ਼ਮ ਦੱਸਿਆ ਅਤੇ ਦੋਵਾਂ ਨੂੰ ਕਾਰ ’ਚ ਬਿਠਾ ਕੇ ਅਗਵਾਹ ਕਰ ਲਿਆ। ਫਿਰ ਉਨ੍ਹਾਂ ਦੇ ਪਰਿਵਾਰਾਂ ਨੂੰ ਫੋਨ ਕਰਕੇ ₹20 ਲੱਖ ਦੀ ਮੰਗ ਕੀਤੀ ਗਈ। ਪਰਿਵਾਰ ਸਿਰਫ਼ ₹7.20 ਲੱਖ ਦਾ ਪ੍ਰਬੰਧ ਕਰ ਸਕੇ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਛੱਡ ਦਿੱਤਾ ਗਿਆ।

ਵੇਬ ਚੈਨਲਾਂ ਦੇ ID ਕਾਰਡ ਵੀ ਮਿਲੇ

ਪੁਲਿਸ ਨੇ ਜਾਂਚ ਦੌਰਾਨ ਮੁਲਾਜ਼ਮਾਂ ਦੇ ਕੋਲੋਂ ਕਈ ਵੇਬ ਚੈਨਲਾਂ ਦੇ ਆਈਡੀ ਕਾਰਡ ਵੀ ਬਰਾਮਦ ਕੀਤੇ ਹਨ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਆਈਡੀ ਕਿਵੇਂ ਤੇ ਕਿਉਂ ਬਣਾਏ ਗਏ ਸਨ।