ਲੁਧਿਆਣਾ : ਜ਼ਿਲ੍ਹੇ ਵਿੱਚ ਲੇਬਰ ਕੁਆਰਟਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 2 ਮੁਲਜ਼ਮ ਅਜੇ ਵੀ ਫ਼ਰਾਰ ਹਨ। ਦੋ ਦਿਨ ਪਹਿਲਾਂ ਕੁਝ ਲੋਕਾਂ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸ਼ਾਲ ‘ਚ ਲਪੇਟ ਕੇ ਜਗਰਾਉਂ ਦੇ ਪਿੰਡ ਕੋਠੇ ਖੰਜੂਰਾਂ ਨੇੜੇ ਨਹਿਰ ‘ਚ ਸੁੱਟ ਦਿੱਤਾ ਗਿਆ।
ਥਾਣਾ ਸਿਟੀ ਜਗਰਾਉਂ ਦੀ ਪੁਲੀਸ ਨੇ ਲੇਬਰ ਕੁਆਰਟਰ ਦੇ ਮਾਲਕ ਜੋ ਕਿ ਗਵਾਹ ਵੀ ਹੈ, ਦੀ ਸ਼ਿਕਾਇਤ ’ਤੇ 9 ਮਜ਼ਦੂਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਿਅਕਤੀ ਦਾ ਕਤਲ 9 ਵਿਅਕਤੀਆਂ ਨੇ ਕੀਤਾ ਹੈ। ਇਨ੍ਹਾਂ ਵਿੱਚੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 2 ਮੁਲਜ਼ਮਾਂ ਦੀ ਭਾਲ ਜਾਰੀ ਹੈ।
2 ਦੀ ਭਾਲ ‘ਚ ਪੁਲਿਸ ਛਾਪੇਮਾਰੀ ਕਰ ਰਹੀ ਹੈ
ਮੁਲਜ਼ਮਾਂ ਦੀ ਪਛਾਣ ਵਰਿੰਦਰ ਕੁਮਾਰ, ਸਾਜਨ ਕੁਮਾਰ, ਰਣਜੀਤ ਸਕਸੈਨਾ, ਪੱਪੂ ਕੁਮਾਰ, ਰੌਸ਼ਨ ਕੁਮਾਰ, ਰਾਹੁਲ ਵਜੋਂ ਹੋਈ ਹੈ, ਇੱਕ ਨਾਬਾਲਗ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫ਼ਿਲਹਾਲ 2 ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫ਼ਰਾਰ ਮੁਲਜ਼ਮਾਂ ਦੀ ਪਛਾਣ ਅਨਿਲ ਅਤੇ ਰਣਜੀਤ ਵਜੋਂ ਹੋਈ ਹੈ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਫੜੇ ਗਏ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਸ਼ੱਕੀ ਵਿਅਕਤੀ ‘ਤੇ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ਿਕਾਇਤ ਦੇਣ ਦੀ ਬਜਾਏ ਉਸ ਦੀ ਲਾਸ਼ ਨੂੰ ਸ਼ਾਲ ‘ਚ ਲਪੇਟ ਕੇ ਐਕਟਿਵਾ ‘ਤੇ ਲੱਦ ਕੇ ਕੋਠੇ ਖੰਜੂਰਾਂ ਰੋਡ, ਜਗਰਾਉਂ ‘ਤੇ ਖੇਤਾਂ ਨੂੰ ਜਾਂਦੀ ਕੱਚੀ ਸੜਕ ‘ਤੇ ਖੇਤੀ ਦੇ ਸੰਦ ਬਣਾਉਣ ਵਾਲੀ ਫ਼ੈਕਟਰੀ ਦੇ ਪਿੱਛੇ ਸੁੱਟ ਦਿੱਤਾ ਗਿਆ।
27 ਜੁਲਾਈ ਨੂੰ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ
ਸ਼ਿਕਾਇਤਕਰਤਾ ਰਾਮਨਾਥ ਯਾਦਵ ਵੱਲੋਂ ਪੁਲੀਸ ਨੂੰ ਦੱਸਿਆ ਗਿਆ ਕਿ 27 ਜੁਲਾਈ ਨੂੰ ਉਸ ਨੂੰ ਉਸ ਦੇ ਕਿਰਾਏਦਾਰ ਰਾਹੁਲ ਦਾ ਫ਼ੋਨ ਆਇਆ, ਜਿਸ ਨੇ ਉਸ ਨੂੰ ਸੂਚਨਾ ਦਿੱਤੀ ਕਿ ਕੋਈ ਅਣਪਛਾਤਾ ਵਿਅਕਤੀ ਚੋਰੀ ਦੀ ਨੀਅਤ ਨਾਲ ਕੁਆਰਟਰ ਵਿੱਚ ਦਾਖਲ ਹੋਇਆ ਹੈ। ਉਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਮਜ਼ਦੂਰਾਂ ਨੇ ਲਾਲ ਰੰਗ ਦੀ ਟੀ-ਸ਼ਰਟ ਅਤੇ ਪ੍ਰਿੰਟਿਡ ਨਿੱਕਰ ਪਹਿਨੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ। ਉਨ੍ਹਾਂ ਮਜ਼ਦੂਰਾਂ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਅਤੇ ਘਰ ਪਰਤਣ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ ।