‘ਦ ਖ਼ਾਲਸ ਬਿਊਰੋ :- ਲੁਧਿਆਣਾ ਪੁਲਿਸ ਨੂੰ ਕੱਲ੍ਹ 28 ਅਕਤੂਬਰ ਨੂੰ ਬਰਾਮਦ ਕੀਤੇ 4 ਕਰੋੜ ਰੁਪਏ ਦੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਕਾਬੂ ਕਰਨ ‘ਚ ਨੇ ਇੱਕ ਵੱਡੀ ਕਾਮਯਾਬੀ ਮਿਲੀ ਹੈ। ਇਨ੍ਹਾਂ ਮੁਲਜ਼ਮਾਂ ਦੇ ਬਿਆਨ ਤੇ ਨਿਸ਼ਾਨਦੇਹੀ ਦੇ ਮੁਤਾਬਿਕ ਜੈਪੁਰ ‘ਚ ਸਥਿਤ ਪੁਲਿਸ ਨੇ ਮੈਡੀਕਲ ਨਸ਼ੇ ਦੇ ਵੱਡੇ ਗੁਦਾਮ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਨੂੰ ਗੁਦਾਮ ਚੋਂ 6 ਕਰੋੜ ਰੁਪਏ ਦਾ ਨਸ਼ਾ ਬਰਾਮਦ ਹੋਇਆ ਜਿਸ ਵਿੱਚ ਲੱਖਾਂ ਦੀ ਤਦਾਦ ਵਿੱਚ ਨਸ਼ੀਲੀ ਗੋਲੀਆਂ, ਨਸ਼ੀਲੇ ਇੰਜੈਕਸ਼ਨ ਅਤੇ ਨਸ਼ਾ ਬਣਾਉਣ ਵਾਲਾ ਸੀਰਪ ਵੀ ਵੱਡੀ ਤਦਾਦ ‘ਚ ਸ਼ਾਮਿਲ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਇਹ ਨਸ਼ੇ ਦਾ ਨੈਟਵਰਕ ਸੀ। ਜਿਸ ਦਾ ਲੁਧਿਆਣਾ ਪੁਲਿਸ, ਐਂਟੀਨਾਰਕੋਟਿਕ ਸੈੱਲ ਵੱਲੋਂ ਸਾਂਝੇ ਤੌਰ ‘ਤੇ ਚਲਾਈ ਗਈ ਮੁਹਿੰਮ ਤੋਂ ਬਾਅਦ ਨਸ਼ੇ ਦੇ ਸੌਦਾਗਰਾਂ ਦਾ ਪਰਦਾਫਾਸ਼ ਹੋਇਆ ਹੈ ਅਤੇ 5 ਮੁਲਜ਼ਮਾਂ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਪੁਰ ਦੇ ਵਿੱਚ ਵਰਿੰਦਰ ਸਿੰਘ ਉਰਫ਼ ਰਿੰਕੂ ਨਾਂਅ ਦੇ ਮੁਲਜ਼ਮ ਤੋਂ ਇਹ ਪੂਰੀ ਬਰਾਮਦਗੀ ਹੋਈ ਹੈ ਅਤੇ ਇੱਕ ਗੁਦਾਮ ਦੇ ਵਿੱਚ ਨਸ਼ੇ ਦੀ ਖੇਪ ਲੁਕਾ ਕੇ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ 76920 ਕੋੜੀਨ ਸੀਰਪ, 10 ਲੱਖ 20 ਹਜ਼ਾਰ ਨਸ਼ੀਲੀ ਗੋਲੀਆਂ ਅਤੇ 14 ਹਜ਼ਾਰ 400 ਇੰਜੈਕਸ਼ਨ ਬਰਾਮਦ ਕੀਤੇ ਹਨ। 13 ਹਜ਼ਾਰ ਟ੍ਰੇਮਡੋਲ ਦੇ ਕੈਪਸੂਲ ਵੀ ਬਰਾਮਦ ਕੀਤੇ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਕੈਮੀਕਲ ਦਵਾਈਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਕੁੱਲ ਮਿਲਾ ਕੇ ਇਨ੍ਹਾਂ ਨਸ਼ਿਆਂ ਦੀ ਬਾਜ਼ਾਰੀ ਕੀਮਤ 6 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਇਸ ਨਾਲ ਮੈਡੀਕਲ ਨਸ਼ੇ ਦੇ ਜੋ ਕਿੰਗ ਪਿਨ ਨੇ ਉਹਨਾਂ ਦਾ ਪਰਦਾ ਫਾਸ਼ ਹੋ ਰਿਹਾ ਹੈ।