ਬਿਊਰੋ ਰਿਪੋਰਟ : ਲੁਧਿਆਣਾ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ । ਡਾਕੂ ਹਸੀਨਾ ਮੋਨਾ ਨੇ ਕੰਪਨੀ ਦੇ ਦਫਤਰ ਤੋਂ ਚੋਰੀ ਕੀਤੇ DVR ਬਰਨਾਲਾ ਦੇ ਛੱਪੜ ਵਿੱਚ ਸੁੱਟ ਦਿੱਤੇ ਸਨ । ਪੁਲਿਸ ਨੇ ਰੇਡ ਕਰਕੇ ਗੋਤਾਖੋਰਾ ਦੀ ਮਦਦ ਨਾਲ 5 DVR ਛੱਪੜ ਤੋਂ ਬਰਾਮਦ ਕਰ ਲਈਆਂ ਹੈ । ਪੁਲਿਸ ਦੇ ਲਈ ਇਹ ਵੱਡਾ ਸਬੂਤ ਹੈ। ਉਧਰ ਮਾਮਲੇ ਦੀ ਮਾਸਟਰ ਮਾਇੰਡ ਮਨਦੀਪ ਕੌਰ ਮੋਨਾ ਸਮੇਤ ਹੁਣ ਤੱਕ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਮੁਲਜ਼ਮਾਂ ਤੋਂ ਹੁਣ ਤੱਕ 6.96 ਕਰੋੜ ਬਰਾਮਦ ਕਰ ਲਏ ਗਏ ਹਨ । ਬਾਕੀ 1.53 ਕਰੋੜ ਕਿੱਥੇ ਹਨ,ਮੁਲਜ਼ਮਾਂ ਨੇ ਰਿਮਾਂਡ ਦੇ ਦੌਰਾਨ ਹੁਣ ਤੱਕ ਇਸ ਦਾ ਰਾਜ਼ ਨਹੀਂ ਖੋਲਿਆ ਹੈ।
ਕੀ ਕੰਪਨੀ ਨੇ ਗਲਤ ਜਾਣਕਾਰੀ ਸਾਂਝੀ ਕੀਤੀ ?
FIR ਦੇ ਮੁਤਾਬਿਕ, CMS ਕੰਪਨੀ ਦੇ ਮੈਨੇਜਰ ਨੇ 8.49 ਕਰੋੜ ਦੀ ਲੁੱਟ ਦਾ ਦਾਅਵਾ ਕੀਤਾ ਸੀ । ਉਧਰ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਪੁੱਛ-ਗਿੱਛ ਵਿੱਚ ਮੁਲਜ਼ਮ ਮਨਜਿੰਦਰ ਮਨੀ ਨੇ ਖੁਲਾਸਾ ਕੀਤਾ ਸੀ ਕਿ ਕੰਪਨੀ ਨੇ ਕੁਝ ਸਮੇਂ ਪਹਿਲਾਂ 51 ਲੱਖ ਰੁਪਏ ਕਿਸੇ ਬੈਂਕ ਨੂੰ ਵੱਧ ਦੇ ਦਿੱਤੇ ਸਨ, ਉਸ ਤੋਂ ਬਾਅਦ ਬੈਂਕ ਨੇ ਪੈਸੇ ਵਾਪਸ ਨਹੀਂ ਦਿੱਤੇ ਸਨ । ਇਸ ਦੇ ਇਲਾਵਾ ਲੱਖਾਂ ਦਾ ਕੈਸ਼ ਅਜਿਹਾ ਵੀ ਹੈ ਜੋ ਫਟੇ ਹੋਏ ਨੋਟ ਸਨ ਜਿੰਨਾਂ ਨੂੰ ਬੈਂਕ ਲੈਣ ਤੋਂ ਮੰਨਾ ਕਰ ਰਿਹਾ ਸੀ ਇਸ ਲਈ ਉਸ ਨੂੰ ਵੀ ਲੁੱਟ ਦੀ ਰਕਮ ਦਾ ਹਿੱਸਾ ਵਿਖਾਇਆ ਗਿਆ ਸੀ । ਇਸ ਦੀ ਜਾਂਚ ਚੱਲ ਰਹੀ ਹੈ, ਕਿਉਂਕਿ ਪਹਿਲਾਂ ਕੰਪਨੀ ਨੇ 11 ਕਰੋੜ ਦੀ ਲੁੱਟ ਦੱਸੀ ਸੀ ਫਿਰ 6 ਅਖੀਰ ਵਿੱਚ 8 ਕਰੋੜ 49 ਲੱਖ ਕੰਪਨਾ ਨੇ ਦਾਅਵਾ ਕੀਤਾ ਸੀ ।
ਜਾਂਚ ਕਮੇਟੀ ਕਰੇਗੀ ਲੁੱਟ ਦੀ ਰਕਮ ਦਾ ਪਤਾ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸ ਮਾਮਲੇ ਵਿੱਚ ਸਪੈਸ਼ਲ 6 ਉੱਚ ਅਧਿਕਾਰੀਆਂ ਦੀ ਟੀਮ ਦਾ ਗਠਨ ਕਰ ਦਿੱਤਾ ਹੈ। ਇਹ ਅਧਿਕਾਰੀ ਤਕਨੀਕੀ ਜਾਂਚ ਕਰਕੇ ਕੰਪਨੀ ਅਧਿਕਾਰੀਆਂ ਤੋਂ ਪੁੱਛ-ਗਿੱਛ ਕਰਨਗੇ ਤਾਂਕੀ ਅਸਲ ਲੁੱਟੀ ਹੋਈ ਰਕਮ ਦਾ ਪਤਾ ਚੱਲ ਸਕੇ । ਜੇਕਰ FIR ਵਿੱਚ ਕੰਪਨੀ ਵੱਲੋਂ ਲਿਖਾਈ ਗਈ ਰਕਮ ਗਲਤ ਹੋਈ ਤਾਂ ਉਨ੍ਹਾਂ ਖਿਲਾਫ ਵੀ ਐਕਸ਼ਨ ਲਿਆ ਜਾਵੇਗਾ । ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਦੇ 1 ਕਰੋੜ ਖਰਚ ਹੋਏ ਹਨ,ਪੁਲਿਸ ਕਮਿਸ਼ਨਰ ਮੁਤਾਬਿਕ ਇਹ ਕੰਪਨੀ ਤੋਂ ਵਸੂਲਿਆਂ ਜਾਵੇਗਾ ।
ਮਨਦੀਪ ਮੋਨਾ ਫਰੂਟੀ ਦੇ ਟਰੈਪ ਵਿੱਚ ਫਸੀ
ਲੁਧਿਆਣਾ ਦੇ ਇੱਕ ਇੰਸਪੈਕਟਰ ਸਮੇਤ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਮਨਦੀਪ ਕੌਰ ਅਤੇ ਉਸ ਦੇ ਪਤੀ ਨੂੰ ਹੇਮਕੁੰਡ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈ। ਮਨਦੀਪ ਕੌਰ ਨੇ ਹੋਟਲ ਤੋਂ ਆਪਣੀ ਮਾਂ ਨੂੰ ਲੈਡਲਾਈਨ ‘ਤੇ ਫੋਨ ਕੀਤਾ ਸੀ । ਪੁਲਿਸ ਨੇ ਮਾਂ ਦਾ ਫੋਨ ਟੈਪ ਕੀਤਾ ਸੀ । ਮਾਂ ਨੇ ਪੁਲਿਸ ਨੂੰ ਦੱਸਿਆ ਕਿ ਧੀ ਨੇ ਕਿਹੜੇ ਕੱਪੜੇ ਅਤੇ ਬੂਟ ਪਾਏ ਸਨ । ਪੁਲਿਸ ਲਈ ਸ਼ਰਧਾਲੂਆਂ ਦੀ ਭੀੜ ਵਿੱਚੋਂ ਮਨਦੀਪ ਕੌਰ ਦੀ ਪਛਾਣ ਕਰਨੀ ਮੁਸ਼ਕਿਲ ਸੀ । ਪੁਲਿਸ ਨੇ ਸ਼ਰਧਾਲੂਆਂ ਦੇ ਲਈ ਫਰੂਟੀ ਦਾ ਲੰਗਰ ਲਗਾਇਆ ਸੀ,ਜਿਵੇਂ ਹੀ ਮਨਦੀਪ ਮੋਨਾ ਅਤੇ ਉਸ ਦਾ ਪਤਾ ਫਰੂਟੀ ਲੈਣ ਲਈ ਪਹੁੰਚਿਆ ਮੋਨਾ ਦੇ ਬੂਟ ਤੋਂ ਪਛਾਣ ਕਰ ਲਈ ਅਤੇ ਗ੍ਰਿਫਤਾਰ ਕਰ ਲਿਆ । ਦੱਸਿਆ ਜਾ ਰਿਹਾ ਸੀ ਕਿ ਦੋਵੇ ਉੱਥੋ ਨੇਪਾਲ ਭੱਜਣ ਦੀ ਫਿਰਾਕ ਵਿੱਚ ਸਨ ।