ਲੁਧਿਆਣਾ ATM ਕੈਸ਼ ਕੰਪਨੀ ਵਿੱਚ ਅੱਧੀ ਰਾਤ 7 ਕਰੋੜ ਦੀ ਲੁੱਟ ਮਾਮਲੇ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ। ਲੁਧਿਆਣਾ ਪੁਲਿਸ ਨੇ ਫ਼ਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਪ੍ਰੇਮ ਨਗਰ ਵਿੱਚ ਇੱਕ ਘਰ ਵਿੱਚ ਲੁਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ ‘ਤੇ 7 ਕਰੋੜ ਦੀ ਲੁਧਿਆਣਾ ਡਕੈਤੀ ਦੇ ਮਾਮਲੇ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
ਮੁੱਲਾਂਪੁਰ ਟੋਲ ਪਲਾਜ਼ਾ ਤੋੜ ਕੇ ਭੱਜਣ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਇਨ੍ਹਾਂ ਨੂੰ ਕੋਟਕਪੂਰਾ ਦੇ ਇੱਕ ਘਰ ਤੋਂ ਕਾਬੂ ਕਰ ਕੇ ਆਪਣੇ ਨਾਲ ਲੈ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਲੁਧਿਆਣਾ ਵਿੱਚ ਏਟੀਐਮ ਮਸ਼ੀਨਾਂ ਵਿੱਚ ਨਕਦੀ ਵੰਡਣ ਵਾਲੀ ਸੀਐਮਐਸ ਕੰਪਨੀ ਦੇ ਦਫ਼ਤਰ ਵਿੱਚੋਂ 7 ਕਰੋੜ ਰੁਪਏ ਲੁੱਟੇ ਗਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੋ ਵਾਹਨਾਂ, ਦੋ ਮੋਟਰਸਾਈਕਲਾਂ ਅਤੇ ਇੱਕ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ। ਕੁੱਝ ਵਿਅਕਤੀ ਵਾਹਨਾਂ ਦੀ ਰਾਖੀ ਲਈ ਖੜੇ ਹੋ ਗਏ, ਜਦੋਂ ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਆਏ ਤਾਂ ਗੱਡੀਆਂ ਪਹਿਲਾਂ ਤੋਂ ਹੀ ਤਿਆਰ ਸਨ ਪਰ ਮੁਲਜ਼ਮ ਕੈਸ਼ ਵੈਨ ਨੂੰ ਲੈ ਕੇ ਫ਼ਰਾਰ ਹੋ ਗਏ ਸਨ।
ਸੀ.ਸੀ.ਟੀ.ਵੀ ਕੈਮਰਿਆਂ ਤੋਂ ਬਚਣ ਲਈ ਲੁਟੇਰਿਆਂ ਨੇ ਮੁੱਖ ਸੜਕ ਦਾ ਰਸਤਾ ਨਹੀਂ ਫੜਿਆ, ਉਹ ਮੁੱਖ ਸੜਕ ਦੀ ਬਜਾਏ ਪੇਂਡੂ ਖੇਤਰ ਵਿੱਚੋਂ ਲੰਘੇ। ਕੁੱਝ ਲੁਟੇਰਿਆਂ ਨੇ ਗੱਡੀ ਨੂੰ ਲੈ ਕੇ ਫ਼ਰਾਰ ਹੋ ਗਏ, ਜਦੋਂ ਕਿ ਬਾਕੀ ਲੁਟੇਰੇ ਆਪਣੇ ਵਾਹਨਾਂ ਸਮੇਤ ਇਸ ਦਾ ਪਿੱਛਾ ਕਰਦੇ ਹੋਏ ਪੰਡੋਰੀ ਨੇੜੇ ਪਿੰਡ ਮੁੱਲਾਂਪੁਰ ਦਾਖਾ ਨੇੜੇ ਆ ਗਏ ਤਾਂ ਮੁਲਜ਼ਮ ਖ਼ਾਲੀ ਕੈਸ਼ ਵੈਨ ਛੱਡ ਕੇ ਉਸ ਵਿੱਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੇ ਹਥਿਆਰ ਲੁੱਟ ਕੇ ਫ਼ਰਾਰ ਹੋ ਗਏ।
ਮੁੱਲਾਂਪੁਰ ਦਾਖਾ ਦੇ ਪਿੰਡ ਪੰਡੋਰੀ ਨੇੜੇ ਇੱਕ ਖ਼ਾਲੀ ਗੱਡੀ ਮਿਲਣ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਜਾਂਚ ਵਿੱਚ ਜੁੱਟ ਗਈਆਂ। ਕਮਿਸ਼ਨਰੇਟ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਟੀਮਾਂ ਦਾ ਗਠਨ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਟੀਮ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਕਮਿਸ਼ਨਰੇਟ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕਰਦੇ ਹੋਏ ਕਈ ਸੁਰਾਗ ਹੱਥ ਵਿੱਚ ਲਏ ਹਨ। ਪਰ ਮੁਲਜ਼ਮ ਕੌਣ ਹੈ, ਕਿੱਥੇ ਹੈ ਅਤੇ ਕਿਸ ਦਿਸ਼ਾ ਵਿੱਚ ਭੱਜ ਗਿਆ ਹੈ, ਇਹ ਪਤਾ ਨਹੀਂ ਲੱਗ ਸਕਿਆ ਹੈ। ਦੋ ਦਿਨ ਬੀਤ ਜਾਣ ‘ਤੇ ਵੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਂਚ ਦੌਰਾਨ ਕਮਿਸ਼ਨਰੇਟ ਦੀ ਟੀਮ ਜਾਂਚ ਕਰਦੇ ਹੋਏ ਮੁੱਲਾਂਪੁਰ ਦਾਖਾ ਤੋਂ ਅੱਗੇ ਚੌਕੀਮਾਨ ਟੋਲ ਪਲਾਜ਼ਾ ‘ਤੇ ਪਹੁੰਚੀ। ਉੱਥੇ ਹੀ ਪੁਲਸ ਨੂੰ ਪਤਾ ਲੱਗਾ ਕਿ ਦੁਪਹਿਰ 3.30 ਤੋਂ 4.30 ਵਜੇ ਦੇ ਵਿਚਕਾਰ ਦੋ ਵਾਹਨਾਂ ਨੇ ਟੋਲ ਬੈਰੀਅਰ ਤੋੜ ਦਿੱਤਾ ਸੀ। ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਦੇ ਵਾਹਨਾਂ ਦੀ ਰਫ਼ਤਾਰ ਇੰਨੀ ਸੀ ਕਿ ਮੁਲਾਜ਼ਮ ਵਾਹਨ ਨਹੀਂ ਰੋਕ ਸਕੇ। ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਵਾਹਨਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਨੰਬਰਾਂ ਦਾ ਪਤਾ ਨਹੀਂ ਲੱਗ ਸਕਿਆ। ਜਿਸ ਕਾਰਨ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਵਾਹਨਾਂ ਨੂੰ ਤੇਜ਼ੀ ਨਾਲ ਭਜਾਇਆ ਤਾਂ ਜੋ ਵਾਹਨਾਂ ਦੇ ਨੰਬਰ ਨੋਟ ਨਾ ਹੋਣ। ਸੂਤਰ ਦੱਸਦੇ ਹਨ ਕਿ ਮੁਲਜ਼ਮਾਂ ਨੇ ਟੋਲ ਪਲਾਜ਼ਾ ਪਾਰ ਕਰਨ ਮਗਰੋਂ ਛੋਟੇ ਢਾਬੇ ’ਤੇ ਚਾਹ ਵੀ ਪੀਤੀ ਸੀ।