Punjab

ਘਰ ਨੂੰ ਰੌਸ਼ਨ ਕਰਨ ਚੱਲਿਆ ਸੀ ਪਿਤਾ, ਹਮੇਸ਼ਾ ਲਈ ਹਨ੍ਹੇਰਾ ਕਰ ਗਿਆ! ਇੱਕ ਗ਼ਲਤੀ ਜ਼ਿੰਦਗੀ ਭਰ ਦਾ ਗ਼ਮ ਦੇ ਗਈ

ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਇੱਕ ਸ਼ਖਸ ਆਪਣੇ ਘਰ ਦੀਵਾਲੀ ਦੀਆਂ ਤਿਆਰੀ ਕਰ ਰਿਹਾ ਸੀ ਪਰ ਖੁਸ਼ੀਆਂ ਰੌਸ਼ਨ ਕਰਨ ਦੌਰਾਨ ਉਸ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਦਰਅਸਲ ਅਮਰੀਕ ਸਿੰਘ ਆਪਣੇ ਘਰ ਦੀਵਾਲੀ ਦੀਆਂ ਲਾਈਟਾਂ ਲਗਾ ਰਿਹਾ ਸੀ, ਉਸ ਨੇ ਲਾਈਟ ਦੀ ਲੜੀ ਹੱਥ ਵਿੱਚ ਫੜ ਕੇ ਛੱਤ ’ਤੇ ਸੁੱਟੀ ਤਾਂ ਹਾਈ-ਟੈਨਸ਼ਨ ਦੀ ਤਾਰ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। ਕਰੰਟ ਦਾ ਝਟਕਾ ਏਨਾ ਜ਼ਿਆਦਾ ਸੀ ਕਿ ਨੌਜਵਾਨ ਜ਼ਮੀਨ ’ਤੇ ਡਿੱਗ ਗਿਆ। ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੇ ਦਮ ਤੋੜ ਦਿੱਤਾ।

ਮ੍ਰਿਤਕ ਅਮਰੀਕ 2 ਭਰਾ ਸਨ, ਪਰਿਵਾਰ ਵਿੱਚ ਉਹ ਵੱਡਾ ਸੀ। ਉਸ ਦਾ ਇੱਕ 9 ਸਾਲ ਦਾ ਪੁੱਤਰ ਵੀ ਹੈ। ਅਮਰੀਕ ਦੇ ਪਿਤਾ ਸਾਬਕਾ ਨਿਗਮ ਮੁਲਾਜ਼ਮ ਹਨ, ਅਮਰੀਕ ਬਚਨ ਨਗਰ ਵਿੱਚ ਲਾਈਟਾਂ ਲਗਾ ਰਿਹਾ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕ ਦੀ ਜਿਸ ਤਰ੍ਹਾਂ ਨਾਲ ਮੌਤ ਹੋਈ ਹੈ ਉਸ ਨਾਲ ਪੂਰੇ ਇਲਾਕੇ ਵਿੱਚ ਸੋਗ ਫੈਲ ਲਿਆ ਹੈ।

ਇਸ ਹਾਦਸੇ ਤੋਂ ਬਾਅਦ ਲੋਕ ਕਾਫੀ ਸਹਿਮੇ ਹੋਏ ਹਨ। ਹਾਈਟੈਨਸ਼ਨ ਵਾਇਰ ਦੇ ਨਾਲ ਇਸ ਕਦਰ ਧਮਾਕਾ ਹੋਇਆ ਕਿ ਉਸ ਦੇ ਨਿਸ਼ਾਨ ਹੁਣ ਵੀ ਵੇਖੇ ਜਾ ਸਕਦੇ ਹਨ। ਕਈ ਥਾਵਾਂ ’ਤੇ ਤਾਰਾਂ ਦੇ ਟੁੱਕੜੇ ਖਿੱਲਰੇ ਹੋਏ ਸਨ।