ਬਿਉਰੋ ਰਿਪੋਰਟ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋਵਾਲ ਨੂੰ ਮੰਨਿਆ ਜਾਂਦਾ ਹੈ । ਪਰ ਇਸ ਟੋਲ ਅਧੀਨ ਆਉਣ ਵਾਲੇ ਸੜਕ ਦਾ ਹਾਲ ਬਹੁਤ ਹੀ ਮਾੜਾ ਹੈ। ਇਸੇ ਦੀ ਸ਼ਿਕਾਇਤ ਇੱਕ ਔਰਤ ਨੇ ਕੰਜ਼ਿਊਮਰ ਕੋਰਟ ਵਿੱਚ ਕੀਤੀ ਸੀ ਜਿਸ ਤੋਂ ਬਾਅਦ ਪਲਾਜ਼ਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ । ਪਹਿਲਾਂ 50 ਹਜ਼ਾਰ ਦਾ ਜੁਰਮਾਨਾ ਲਗਾਇਆ ਜਦੋਂ ਨਹੀਂ ਭਰਿਆ ਤਾਂ ਕੰਪਨੀ ਦੀ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ । ਪਰ ਮੁਲਾਜ਼ਮਾਂ ਵੱਲੋਂ ਨੋਟਿਸ ਨਾ ਚਿਪਕਾਉਣ ਦੇਣ ‘ਤੇ ਹੁਣ ਟੋਲ ਪਲਾਜ਼ਾ ਦੀ ਕੰਪਨੀ ਸੋਮਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ।
ਦਰਅਸਲ ਪਟੀਸ਼ਨਕਰਤਾ ਸਮੀਤਾ ਰਾਣੀ ਅੰਬਾਲਾ ਤੋਂ ਜਲੰਧਰ ਦੇ ਲਈ ਆ ਰਹੀ ਸੀ । ਇਸ ਦੌਰਾਨ ਰਸਤੇ ਵਿੱਚ ਇੰਨੇ ਜ਼ਿਆਦਾ ਟੋਏ ਸਨ ਕਿ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ । ਸਮੀਤਾ ਰਾਣੀ ਨੇ ਇਸ ਦੇ ਖਿਲਾਫ ਆਪਣੇ ਵਕੀਲ ਹਰੀਓਮ ਜ਼ਿੰਦਲ ਦੇ ਜ਼ਰੀਏ ਕੰਜ਼ਿਊਮਰ ਕੋਰਟ ਵਿੱਚ ਪਟੀਸ਼ਨ ਪਾਈ ਜਿਸ ਵਿੱਚ ਕਿਹਾ ਗਿਆ ਕਿ ਅਸੀਂ ਟੋਲ ਇਸ ਲਈ ਦਿੰਦੇ ਹਾਂ ਤਾਂਕੀ ਸਾਨੂੰ ਸੜਕਾਂ ਚੰਗੀਆਂ ਮਿਲ ਸਕਣ ਪਰ ਇਸ ਦੇ ਬਾਵਜੂਦ ਸਾਨੂੰ ਖਰਾਬ ਸੜਕ ਦਿੱਤੀ ਗਈਆਂ ਜਿਸ ਦੀ ਵਜ੍ਹਾ ਕਰਕੇ ਮੇਰੀ ਗੱਡੀ ਦਾ ਟਾਇਰ ਫੱਟ ਗਿਆ ਅਸੀਂ ਪੂਰੇ ਰਸਤੇ ਡਰ-ਡਰ ਕੇ ਆਏ ਹਾਂ। ਗਾਹਕ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਟੋਲ ਕੰਪਨੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਟੀਸ਼ਕਰਤਾ ਸਮੀਤਾ ਰਾਣੀ ਨੇ ਕੰਜ਼ਿਊਮਰ ਕੋਰਟ ਵਿੱਚ ਟੋਲ ਦੀ ਰਸੀਦ ਵੀ ਪੇਸ਼ ਕੀਤੀ।
6 ਮਹੀਨੇ ਸੁਣਵਾਈ ਤੋਂ ਬਾਅਦ ਕੰਜ਼ਿਊਮਰ ਅਦਾਲਤ ਨੇ ਟੋਲ ਕੰਪਨੀ ਸੋਮਾ ‘ਤੇ 50 ਹਜ਼ਾਰ ਦਾ ਜੁਰਮਾਨ ਲੱਗਾ ਦਿੱਤਾ। ਪਰ ਇਸ ਦੇ ਬਾਵਜੂਦ ਕੰਪਨੀ ਨੇ ਇਸ ਨੂੰ ਨਹੀਂ ਭਰਿਆ ਤਾਂ ਅਦਾਲਤ ਨੇ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਲਗਾਉਣ ਦੇ ਲਈ ਅਧਿਕਾਰੀਆਂ ਨੂੰ ਭੇਜਿਆ । ਪਰ ਮੌਕੇ ‘ਤੇ ਮੌਜੂਦਾ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਅਦਾਲਤ ਦੇ ਹੁਕਮ ਵਾਲਾ ਨੋਟਿਸ ਟੋਲ ਪਲਾਜ਼ਾ ‘ਤੇ ਲਗਾਉਣ ਨੂੰ ਰੋਕਿਆ ਜਦੋਂ ਇਸ ਦਾ ਸ਼ਿਕਾਇਤ ਕੰਜ਼ਿਊਮਰ ਅਦਾਲਤ ਨੂੰ ਕੀਤੀ ਗਈ ਤਾਂ ਹੁਣ ਟੋਲ ਪਲਾਜ਼ਾ ਕੰਪਨੀ ਨੂੰ ਅਦਾਲਤ ਨੇ ਕਾਰਨ ਦੱਸੋਂ ਨੋਟਿਸ ਦਿੱਤਾ ਹੈ ।