ਬਿਉਰੋ ਰਿਪੋਰਟ – ਲੁਧਿਆਣਾ ਨਗਰ ਨਿਗਮ ਦੇ ਹੁਣ ਤੱਕ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਦੀ ਹੋਈ ਨਜ਼ਰ ਆ ਰਹੀ ਹੈ ਪਰ ਕਾਂਗਰਸ ਵੀ ਕਰੜੀ ਟੱਕਰ ਵਿੱਚ ਹੈ । ਹੁਣ ਤੱਕ ਆਏ 46 ਵਾਰਡਾਂ ਦੇ ਨਤੀਜਿਆਂ ਵਿੱਚੋਂ ਆਮ ਆਦਮੀ ਪਾਰਟੀ ਨੇ 20 ‘ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ 14 ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ ਬੀਜੇਪੀ ਦੇ 10 ਉਮੀਦਵਾਰ ਜਿੱਤੇ ਹਨ । ਇਸ ਦੌਰਾਨ ਲੁਧਿਆਣਾ ਨਗਰ ਨਿਗਮ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦਿੱਗਜਾਂ ਦੀ ਹਾਰ ਹੋਈ ਹੈ ।
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸੂ ਹਾਰ ਗਈ ਹਨ । ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਸ਼ਹਿਰ ਦੇ ਬਾਹਰੋਂ ਗੁੰਡੇ ਬੁਲਾ ਕੇ ਵੋਟਰਾਂ ਨੂੰ ਦਬਾਉਣ ਦਾ ਇਲਜ਼ਾਮ ਲਗਾਇਆ ਹੈ। ਉਧਰ ਵਾਰਡ ਨੰਬਰ 77 ਤੋਂ ਬੀਜੇਪੀ ਦੀ ਉਮੀਦਵਾਰ ਪੂਨਮ ਰਤੜਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਦੀ ਪਤਨੀ ਮੀਨੂ ਪਰਾਸ਼ਨ ਨੂੰ ਹਰਾ ਦਿੱਤਾ ਹੈ । ਉਧਰ ਜਲੰਧਰ ਨਗਰ ਨਿਗਮ ਦੇ ਵੀ ਜ਼ਿਆਦਾਤਰ ਨਤੀਜੇ ਆ ਗਏ ਹਨ ਇੱਥੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ
ਹੁਣ ਤੱਕ 71 ਵਾਰਡਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ ਜਿੰਨਾਂ ਵਿੱਚੋਂ 38 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ । ਜਦਕਿ ਕਾਂਗਰਸ ਦੇ 17 ਉਮੀਦਵਾਰ ਜਿੱਤੇ ਹਨ । ਬੀਜੇਪੀ ਨੂੰ ਸਿਰਫ਼ 13 ਸੀਟਾਂ ਹੀ ਹਾਸਲ ਹੋਇਆ ਹਨ,3 ਅਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਹੈ । ਜਲੰਧਰ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸਾਬਕਾ ਮੇਅਰ ਜਗਦੀਸ਼ ਰਾਜਾ ਦੀ ਪਤਨੀ ਚੋਣ ਹਾਰ ਗਈ । 48 ਨੰਬਰ ਵਾਰਡ ਤੋਂ ਉਹ ਅਜ਼ਾਦ ਉਮੀਦਵਾਰ ਸ਼ਿਵਨਾਥ ਸ਼ਿੱਬੂ ਤੋਂ 1 ਵੋਟ ਨਾਲ ਉਹ ਹਾਰ ਗਈ । AAP ਤੋਂ ਟਿਕਟ ਨਾ ਮਿਲਣ ਤੋਂ ਨਰਾਜ਼ ਅਜ਼ਾਦ ਮੈਦਾਨ ਵਿੱਚ ਉਤਰੇ ਹਰਜਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ ।
ਫਗਵਾੜਾ ਨਗਰ ਨਿਗਮ ਦੇ ਸਾਰੇ 50 ਵਾਰਡਾਂ ਦੇ ਨਤੀਜੇ ਆ ਗਏ ਹਨ । ਕਾਂਗਰਸ 22 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ ਦੂਜੇ ਨੰਬਰ ‘ਤੇ 12 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੂਜੇ ਨੰਬਰ ‘ਤੇ ਰਹੀ । ਬੀਜੇਪੀ ਦੇ ਖਾਤੇ ਵਿੱਚ 4 ਸੀਟਾਂ ਹੀ ਲੱਗੀਆ ਹਨ,ਅਕਾਲੀ ਦਲ ਇੱਥੇ 3 ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ ,9 ਅਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ ਹੈ ।