Punjab

ਵਧੀਆਂ ਬਿਜਲੀ ਦਰਾਂ ਤੋਂ ਨਾਰਾਜ਼ ਹੋਏ ਲੁਧਿਆਣਾ ਦੇ ਉਦਯੋਗਪਤੀ! ਸਾਲ ’ਚ ਕਰੋੜਾਂ ਦੇ ਨੁਕਸਾਨ ਦਾ ਕੀਤਾ ਦਾਅਵਾ

ਪੰਜਾਬ ਸਰਕਾਰ ਵੱਲੋਂ ਘਰੇਲੂ ਤੇ ਉਦਯੋਗਪਤੀਆਂ ਲਈ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਲੁਧਿਆਣਾ ਦੇ ਸਨਅਤਕਾਰ ਪੰਜਾਬ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਸਨਅਤਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ ਅਤੇ ਸਰਕਾਰ ਨੂੰ ਇਹ ਦਰਾਂ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਸਰਕਾਰ ਨੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਨੂੰ ਮਾਮੂਲੀ ਦੱਸਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਦੇਖਦਿਆਂ ਸਰਕਾਰ ਨੇ ਇਨ੍ਹਾਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਹੈ ਪਰ ਇਨ੍ਹਾਂ ਦਰਾਂ ਤੋਂ ਬਾਅਦ ਲੁਧਿਆਣਾ ਦੇ ਸਨਅਤਕਾਰ ਗੁੱਸੇ ਵਿੱਚ ਆ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨਿਟ ਦਾ ਰੇਟ ਸਿਰਫ਼ 10 ਤੋਂ 15 ਪੈਸੇ ਹੈ, ਪਰ ਇੰਡਸਟਰੀ ਰੋਜ਼ਾਨਾ ਲੱਖਾਂ ਯੂਨਿਟਾਂ ਦੀ ਖ਼ਪਤ ਕਰਦੀ ਹੈ, ਇਸ ਲਈ ਰੇਟ 10 ਤੋਂ 15 ਲੱਖ ਰੁਪਏ ਪ੍ਰਤੀ ਦਿਨ ਵਧ ਗਏ ਹਨ ਅਤੇ ਉਦਯੋਗ ਨੂੰ ਸਾਲ ਭਰ ਕਰੋੜਾਂ ਰੁਪਏ ਦਾ ਭਾਰੀ ਨੁਕਸਾਨ ਹੋਵੇਗਾ।

ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡੀਐਸ ਚਾਵਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਧੋਖਾ ਕੀਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਮਾਨ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਬਿਜਲੀ ਦਰਾਂ ਘਟਾਉਣ ਦਾ ਭਰੋਸਾ ਦਿੱਤਾ ਸੀ। ਸਾਨੂੰ ਪੂਰੀ ਉਮੀਦ ਸੀ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰੇਗੀ ਪਰ ਅੱਜ ਸਰਕਾਰ ਨੇ ਰੇਟ ਵਧਾ ਕੇ ਇੰਡਸਟਰੀ ਨੂੰ ਨੁਕਸਾਨ ਪਹੁੰਚਾਇਆ ਹੈ।

ਲੁਧਿਆਣਾ ਦੇ ਸਨਅਤਕਾਰਾਂ ਨੇ ਇਹ ਦਰਾਂ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਨਾਲ ਛੋਟੀਆਂ ਸਨਅਤਾਂ ਤਬਾਹ ਹੋ ਜਾਣਗੀਆਂ। ਉਦਯੋਗਾਂ ਦੀ ਹਾਲਤ ਪਹਿਲਾਂ ਹੀ ਕਮਜ਼ੋਰ ਹੈ ਅਤੇ ਉਤਪਾਦਨ ਪਹਿਲਾਂ ਹੀ ਅੱਧਾ ਰਹਿ ਗਿਆ ਹੈ ਅਤੇ ਲੁਧਿਆਣਾ ਵਿੱਚ ਮਜ਼ਦੂਰਾਂ ਦੀ ਪੂਰੀ ਘਾਟ ਹੈ, ਜਿਸ ਕਾਰਨ ਉਦਯੋਗ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ।

ਸਬੰਧਿਤ ਖ਼ਬਰ – ਪੰਜਾਬ ’ਚ ਬਿਜਲੀ ਹੋਈ ਮਹਿੰਗੀ! 600 ਯੂਨਿਟ ਮੁਫ਼ਤ ’ਤੇ ਕੋਈ ਅਸਰ ਨਹੀਂ