India Punjab

ਲੁਧਿਆਣਾ ਦੇਸ਼ ਦੇ ਸਭ ਤੋਂ ਵੱਡੇ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ, ਮੰਡੀ ਗੋਬਿੰਦਗੜ੍ਹ ਦੀ ਵੀ ਹਾਲਤ ਮਾੜੀ

ਬਿਉਰੋ ਰਿਪੋਰਟ- ਲੁਧਿਆਣਾ (Ludhiana) ਸ਼ਹਿਰ ਜਿੱਥੇ ਪੂਰੇ ਦੇਸ਼ ਵਿੱਚ ਵੱਖ-ਵੱਖ ਕਾਰਨਾਂ ਕਰਕੇ ਕਾਫੀ ਪ੍ਰਸਿੱਧ ਹੈ, ਉੱਥੇ ਹੀ ਇਹ ਹੁਣ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ੂਿਤ 10 ਸ਼ਹਿਰਾਂ ਵਿੱਚ ਵੀ ਸ਼ਾਮਲ ਹੋ ਕੇ ਹੋਰ ਪ੍ਰਸਿੱਧੀ ਖੱਟ ਰਿਹਾ ਹੈ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਜਵਾਬ ਮੁਤਾਬਕ ਲੁਧਿਆਣਾ ਦੇਸ਼ ਦੇ ਸਭ ਤੋਂ ਵੱਧ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੈ। ਲੁਧਿਆਣਾ ਪੰਜਾਬ ਦਾ ਇਕਲੌਤਾ ਅਜਿਹਾ ਸ਼ਹਿਰ ਹੈ ਜੋ ਇਸ ਸੂਚੀ ਵਿੱਚ ਸ਼ਾਮਲ ਹੈ। ਲੁਧਿਆਣਾ ਦੀ ਹਵਾ ਦੀ ਗੁਣਵੱਤਤਾ ਕਾਫੀ ਖਰਾਬ ਦੱਸੀ ਗਈ ਹੈ।

ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਨੇ ਭਾਰਤ ਦੇ ਚੋਟੀ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਅਤੇ ਉਨ੍ਹਾਂ ਦੀ ਗਲੋਬਲ ਪ੍ਰਦੂਸ਼ਣ ਰੈਂਕਿੰਗ ਨੂੰ ਲੈ ਕੇ ਸਵਾਲ ਪੁੱਛਿਆ ਸੀ। ਇਸ ਤੇ ਕੇਂਦਰੀ ਮੰਤਰੀ ਕੀਰਤੀ ਵਰਧਨ ਸਿੰਘ ਨੇ ਜਵਾਬ ਦਿੰਦਿਆਂ 131 ਅਜਿਹੇ ਸ਼ਹਿਰਾ ਦੀ ਸੂਚੀ ਜਾਰੀ ਕੀਤੀ ਹੈ ਜੋ ਸਭ ਤੋਂ ਵੱਧ ਪ੍ਰਦੂਸ਼ਿਤ ਹਨ ਅਤੇ ਇਨ੍ਹਾਂ ਸ਼ਹਿਰਾਂ ਨੂੰ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੇ ਤਹਿਤ ਫੰਡ ਵੀ ਅਲਾਟ ਕੀਤੇ ਹਨ।

ਇਨ੍ਹਾਂ ਸ਼ਹਿਰਾਂ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਪਹਿਲੇ, ਫਰੀਦਾਬਾਦ ਦੂਜੇ ਗਾਜ਼ੀਆਬਾਦ ਤੀਜੇ, ਮੁਜ਼ੱਫਰਪੁਰ ਚੌਥੇ, ਅੰਗੁਲ ਪੰਜਵੇਂ, ਗਜਰੌਲਾ ਛੇਵੇਂ ਅਤੇ ਅਨਪਰਾ ਨੂੰ ਸੱਤੇਵੇਂ ਸਥਾਨ ਤੇ ਰੱਖਿਆ ਹੈ। ਲੁਧਿਆਣਾ ਸ਼ਹਿਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਜਿਆਦਾ ਹੋਣ ਕਾਰਨ ਇਸ ਨੂੰ 10 ਸਥਾਨ ‘ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 131 ਵਿੱਚੋਂਂ ਪੰਜਾਬ ਦਾ ਮੰਡੀ ਗੋਬਿੰਦਗੜ੍ਹ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੈ। ਮੰਡੀ ਗੋਬਿੰਦਗੜ੍ਹ ਦੇ ਨਾਲ-ਨਾਲ ਅੰਮ੍ਰਿਤਸਰ ਅਤੇ ਜਲੰਧਰ ਦੀ ਵੀ ਹਾਲਤ ਕਾਫੀ ਖਰਾਬ ਹੈ। 

ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸਾਰਿਆ ਸ਼ਹਿਰਾਂ ਦੀ ਹਵਾ ਗੁਣਵੱਤਾ ਸੁਧਾਰ ਪ੍ਰੋਗਰਾਮ ਚਲਾਏ ਜਾਣਗੇ, ਇਸ ਲਈ ਇਹ 131 ਸ਼ਹਿਰ ਚੁਣੇ ਗਏ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਇਹਨਾਂ ਬਹੁਤ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC) ਨੇ ਜਨਵਰੀ 2019 ਵਿੱਚ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (NCAP) ਦੀ ਸ਼ੁਰੂਆਤ ਕੀਤੀ ਹੈ।

ਕੇਂਦਰੀ ਵਾਤਾਵਰਣ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਸ਼ਹਿਰਾਂ ਨੂੰ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਸਾਰੇ 131 ਸ਼ਹਿਰਾਂ/ਸ਼ਹਿਰੀ ਸਥਾਨਕ ਸੰਸਥਾਵਾਂ (ULBs) ਨੇ NCAP ਦੇ ਤਹਿਤ ਸ਼ਹਿਰੀ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਹਨ।

 

ਇਹ ਵੀ ਪੜ੍ਹੋ –    ਪਾਰਟੀ ਤੋਂ ਕੱਢਣ ‘ਤੇ ਢੀਂਡਸਾ ਦੀ ਸੁਖਬੀਰ ਨੂੰ ਸਿੱਧੀ ਚੁਣੌਤੀ ! 98% ਡੈਲੀਗੇਟਸ ਹਨ ਤਾਂ ਮੁੜ ਚੋਣ ਕਰਵਾਉਣ !