ਬਿਉਰੋ ਰਿਪਰਟ – ਇੱਕ ਪਾਸੇ ਪੰਜਾਬ ਸਰਕਾਰ ਸੂਬੇ ਵਿੱਚ ਗੈਂਗਸਟਰਾਂ ਨੂੰ ਠੱਲ੍ਹ ਪਾਉਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਪੰਜਾਬ ਵਿੱਚ ਕਤਲ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਦੇ ਨਾਂ ’ਤੇ ਇੱਕ ਹੋਟਲ ਮਾਲਕ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਦੇ ਲਈ ਕੁਝ ਬਦਮਾਸ਼ਾਂ ਨੇ ਫੋਨ ਕਰਕੇ ਧਮਕੀਆਂ ਦਿੱਤੀਆਂ ਹਨ। ਕਾਰੋਬਾਰੀ ਵੱਲੋਂ 2 ਕਰੋੜ ਰੁਪਏ ਨਾ ਦੇਣ ‘ਤੇ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਲੁਧਿਆਣਾ ਦੇ ਮਾਡਲ ਟਾਊਨ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਫਿਲਹਾਲ ਕਾਰੋਬਾਰੀ ਦੀ ਪਛਾਣ ਗੁਪਤ ਰੱਖੀ ਹੈ। ਹੋਟਲ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਦੇ ਮੋਬਾਇਲ ਨੰਬਰ ’ਤੇ ਵਿਦੇਸ਼ ਤੋਂ ਵਟਸਐਪ ਕਾਲ ਕੀਤੀ ਗਈ ਸੀ। ਉਸ ਨੇ ਇਸ ਦਾ ਜਵਾਬ ਨਹੀਂ ਦਿੱਤਾ।
ਬਾਅਦ ’ਚ ਕਾਲਰ ਨੇ ਉਸ ਨੰਬਰ ’ਤੇ ਵਾਇਸ ਮੈਸੇਜ ਭੇਜ ਕੇ 2 ਕਰੋੜ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸ ਨੇ ਨੰਬਰ ਬਲਾਕ ਕਰ ਦਿੱਤਾ। ਪਰ ਇਸ ਤੋਂ ਬਾਅਦ ਕਈ ਵਾਰ ਦੂਜੇ ਨੰਬਰਾਂ ਤੋਂ ਫ਼ੋਨ ਆਏ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਗੈਂਗਸਟਰ ਰੋਹਿਤ ਗੋਦਾਰਾ ਦੱਸਿਆ ਹੈ।
ਫ਼ਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 387 ਅਤੇ 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।
ਕੌਣ ਹੈ ਰੋਹਿਤ ਗੋਦਾਰਾ?
ਰੋਹਿਤ ਗੋਦਾਰਾ ਬੀਕਾਨੇਰ ਦੇ ਪਿੰਡ ਕਪੂਰੀਸਰ ਦਾ ਰਹਿਣ ਵਾਲਾ ਹੈ। ਰੋਹਿਤ ਲਾਰੈਂਸ ਗੈਂਗ ਦਾ ਸਰਗਰਮ ਸਰਗਨਾ ਹੈ। ਰੋਹਿਤ ਗੋਦਾਰਾ ਦਾ ਨਾਂ ਰਾਜਸਥਾਨ ਦੇ ਮਸ਼ਹੂਰ ਅਪਰਾਧੀ ਰਾਜੂ ਥੇਹਤ ਤੇ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ਕੇਸ ਵਿੱਚ ਵੀ ਆਇਆ ਸੀ। ਲਾਰੈਂਸ ਗੈਂਗ ਨਾਲ ਮਿਲ ਕੇ ਗੋਦਾਰਾ ਨੇ ਹਰਿਆਣਾ-ਰਾਜਸਥਾਨ ’ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਗੈਂਗਸਟਰ ਬਣਨ ਤੋਂ ਪਹਿਲਾਂ ਉਸ ਦਾ ਨਾਂ ਰਾਵਤਰਾਮ ਸੀ, 10ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੋਹਿਤ ਮੋਬਾਈਲ ਮਕੈਨਿਕ ਬਣ ਗਿਆ।
ਰੋਹਿਤ ਗੋਦਾਰਾ ਵੱਖ-ਵੱਖ ਸੂਬਿਆਂ ਦੇ ਕਈ ਕਾਰੋਬਾਰੀਆਂ ਤੋਂ ਵਟਸਐਪ ਕਾਲ ਕਰਕੇ ਫਿਰੌਤੀ ਦੀ ਮੰਗ ਕਰ ਰਿਹਾ ਹੈ। ਹਾਲ ਹੀ ’ਚ ਲੂਣਕਰਨਸਰ ਦੇ ਇੱਕ ਵਪਾਰੀ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ’ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਰੋਹਿਤ ਨੇ ਇਸ ਕਾਰੋਬਾਰੀ ਨੂੰ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਦੇ ਕੇ ਹੈਰਾਨ ਕਰ ਦਿੱਤਾ ਕਿ ਉਸ ਨੂੰ ਸਾਰੀ ਖ਼ਬਰ ਮਿਲ ਰਹੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਸੀਕਰ ਦੇ ਇੱਕ ਵਪਾਰੀ ਨੂੰ ਵੀ ਰੋਹਿਤ ਗੋਦਾਰਾ ਦੇ ਨਾਂ ਤੋਂ ਧਮਕੀ ਦਿੱਤੀ ਗਈ ਸੀ।