ਬਿਉਰੋ ਰਿਪੋਰਟ : ਲੁਧਿਆਣਾ ਦੇ ਲਾਡੋਵਾਲ ਦੇ ਦੱਖਣੀ ਸਿੱਟੀ ਦੇ ਰਸਤੇ ਇੱਕ ਔਰਤ ਦੀ ਲਾਸ਼ ਨਗਨ ਹਾਲਤ ਵਿੱਚ ਚਾਦਰ ਵਿੱਚ ਲਪੇਟੀ ਮਿਲੀ ਹੈ । ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਹੈ । ਸਰੀਰ ‘ਤੇ ਕੱਪੜੇ ਨਾ ਹੋਣ ਅਤੇ ਚਿਹਰਾ ਸੜਿਆ ਹੋਣ ਦੀ ਵਜ੍ਹਾ ਕਰਕੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਨਸਨੀ ਫੈਲ ਗਈ ਹੈ । ਔਰਤ ਦੀ ਉਮਰ ਤਕਰੀਬਨ 25 ਸਾਲ ਦੇ ਆਲੇ ਦੁਆਲੇ ਹੈ ।
ਸੜਕ ‘ਤੇ ਗੁਜ਼ਰ ਰਹੇ ਕਿਸੇ ਰਾਹਗੀਰ ਨੇ ਔਰਤ ਨੂੰ ਚਾਦਰ ਵਿੱਚ ਨਗਨ ਹਾਲਤ ਵਿੱਚ ਵੇਖਿਆ ਤਾਂ ਉਸ ਨੇ ਫੌਰਨ ਪਿੰਡ ਬਗਾ ਕਲਾਂ ਦੇ ਸਰਪੰਚ ਨੂੰ ਇਤਲਾਹ ਕੀਤੀ । ਮੌਕੇ ‘ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ । ਇਸ ਦੇ ਬਾਅਦ ਥਾਣਾ ਲਾਡੋਵਾਲ ਪੁਲਿਸ ਨੂੰ ਇਤਲਾਹ ਕੀਤੀ ਗਈ । ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਦੀ ਪਛਾਣ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਔਰਤ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰਵਾਉਣ ਦੇ ਲਈ ਦੇਰ ਰਾਤ ਸਿਵਲ ਹਸਪਤਾਲ ਵਿੱਚ ਰੱਖਿਆ ਹੈ ।
ਥਾਣਾ ਲਾਡੋਵਾਲ ਦੇ SHO ਲਵਦੀਪ ਸਿੰਘ ਨੇ ਕਿਹਾ ਕਿ ਥਾਣੇ ਦੇ ਨਜ਼ਦੀਕ ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਫੋਨ ਕਰਕੇ ਇਤਲਾਹ ਦਿੱਤੀ ਸੀ ਕਿ ਔਰਤ ਦੀ ਲਾਸ਼ ਪਈ ਹੈ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਜਲਿਆ ਸੀ। ਉਨ੍ਹਾਂ ਕਿਹਾ ਮਾਮਲਾ ਸ਼ੱਕੀ ਹੈ,ਇੱਕ ਗੱਲ ਤਾਂ ਤੈਅ ਹੈ ਕਿ ਔਰਤ ਦਾ ਕਤਲ ਹੋਇਆ ਹੈ,ਇਸ ਦੇ ਪਿੱਛੇ ਕੌਣ ਸੀ ? ਉਸ ਦਾ ਮਕਸਦ ਕੀ ਸੀ ? ਮ੍ਰਿਤਕ ਕੁੜੀ ਕਿੱਥੇ ਦੀ ਰਹਿਣ ਵਾਲੀ ਹੈ ? ਇੰਨਾਂ ਸਾਰੇ ਸਵਾਲਾਂ ਦੀ ਤਲਾਸ਼ ਪੁਲਿਸ ਕਰ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂਕੀ ਕਿਸੇ ਤਰ੍ਹਾਂ ਕੋਈ ਸੁਰਾਗ ਹੱਥ ਲੱਗ ਸਕੇ। ਫਾਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ । ਮ੍ਰਿਤਕ ਔਰਤ ਦੀ ਸੜੀ ਹੋਈ ਲਾਸ਼ ਤੋਂ ਲੱਗ ਰਿਹਾ ਹੈ ਕਿ ਕੈਮੀਕਲ ਨਾਲ ਉਸ ਦੇ ਮੂੰਹ ਨੂੰ ਸਾੜਿਆ ਗਿਆ ਹੈ । ਮ੍ਰਿਤਕ ਕੁੜੀ ਦੇ ਨਾਲ ਜ਼ਬਰ ਜਨਾਹ ਵਰਗਾ ਘਿਨੌਣਾ ਕੰਮ ਤਾਂ ਨਹੀਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।