ਲੁਧਿਆਣਾ ਵਿੱਚ ਬੀਤੀ ਰਾਤ ਇੱਕ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਿਹੰਗ ਸਿੰਘ ਦੀ ਪਛਾਣ ਬਲਦੇਵ ਸਿੰਘ ਵੱਜੋ ਹੋਈ ਹੈ, ਜੋ ਡਰਾਈਵਰ ਦਾ ਕੰਮ ਕਰਦਾ ਸੀ। ਇਹ ਵਾਰਦਾਤ ਸੂਆ ਰੋਡ ਨੇੜੇ ਡਾਬਾ ਥਾਣੇ ਦੇ ਕੋਲ ਵਾਪਰੀ ਹੈ।
ਜਾਣਕਾਰੀ ਮੁਤਾਬਕ ਨਿਹੰਗ ਸਿੰਘ ਬਲਦੇਵ ਸਿੰਘ ਆਪਣੇ ਕੰਮ ਤੋਂ ਵਾਪਸ ਵਰਤ ਕੇ ਦਵਾਈ ਲੈਣ ਲਈ ਡਾਕਟਰ ਕੋਲ ਜਾ ਰਿਹਾ ਸੀ ਕਿ ਅਚਾਨਕ ਦੋ ਜਾਣਿਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਉਸ ਦੇ ਸਿਰ ਅਤੇ ਮੱਥੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੂੰ ਦੋੜਾ-ਦੋੜਾ ਕੇ ਮਾਰਿਆ ਗਿਆ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ ਜਦਕਿ ਖ਼ੂਨ ਨਾਲ ਲੱਥਪੱਥ ਨਿਹੰਗ ਸਿੰਘ ਨੇ ਸੜਕ ਉੱਤੇ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤੇ। ਮੌਕੇ ‘ਤੇ ਰਾਹਗੀਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਮ੍ਰਿਤਕ ਦੇ ਪਰਿਵਾਰ ਨੂੰ ਇਸ ਕਤਲ ਪਿੱਛੇ ਇਲਾਕੇ ਦੇ ਦੋ ਨੌਜਵਾਨਾਂ ਉੱਤੇ ਸ਼ੱਕ ਹੈ। ਪਰਿਵਾਰ ਮੁਤਾਬਕ ਬੀਤੇ ਦਿਨੀਂ ਛਬੀਲ ਲਗਾਉਣ ਵੇਲੇ ਬਲਦੇਵ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਨੌਜਵਾਨਾਂ ਨਾਲ ਝੜਪ ਹੋ ਗਈ ਸੀ। ਇਸ ਦਾ ਬਦਲਾ ਲੈਣ ਲਈ ਹੀ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਦੋਨੇਂ ਨੌਜਵਾਨ ਇਲਾਕੇ ਵਿੱਚ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਪਿਛਲੇ ਦਿਨੀਂ ਇਹ ਜੇਲ੍ਹ ਤੋਂ ਬਾਹਰ ਆਏ ਸਨ।