ਬਿਉਰੋ ਰਿਪੋਰਟ: ਲੁਧਿਆਣਾ ’ਚ ਦੇਰ ਸ਼ਾਮ ਸਾਹਨੇਵਾਲ ਨੇੜੇ ਹਾਈਵੇ ’ਤੇ ਇੱਕ ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਪਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਔਰਤ ਆਪਣੇ ਪਤੀ ਨਾਲ ਪਟਿਆਲਾ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਜਲੰਧਰ ਆ ਰਹੀ ਸੀ।
ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਔਰਤ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ ਅਤੇ ਪਿਛਲੇ ਟਾਇਰਾਂ ਹੇਠ ਬੁਰੀ ਤਰ੍ਹਾਂ ਕੁਚਲ ਗਿਆ। ਮ੍ਰਿਤਕ ਔਰਤ ਦਾ ਨਾਂ ਮੀਨਾਕਸ਼ੀ ਹੈ। ਥਾਣਾ ਸਾਹਨੇਵਾਲ ਅਧੀਨ ਪੈਂਦੀ ਕੰਗਣਵਾਲ ਪੁਲਿਸ ਚੌਕੀ ਦੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਰਾਤ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਜਿੱਥੇ ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਦੇ ਵਰਕਸ਼ਾਪ ਚੌਕ ਇਲਾਕੇ ਦੀ ਸੰਤ ਨਗਰ ਕਲੋਨੀ ’ਚ ਰਹਿੰਦਾ ਹੈ। ਉਹ ਆਪਣੀ ਪਤਨੀ ਮੀਨਾਕਸ਼ੀ ਦੇ ਨਾਲ ਸ਼ਨੀਵਾਰ ਸਵੇਰੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ। ਜਿੱਥੋਂ ਉਹ ਦੇਰ ਸ਼ਾਮ ਘਰ ਪਰਤ ਰਿਹਾ ਸੀ।
ਰਸਤੇ ’ਚ ਸਾਹਨੇਵਾਲ ਨੇੜੇ ਮਹਿੰਦਰਾ ਕਾਰ ਦੇ ਸ਼ੋਅਰੂਮ ਕੋਲ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਈਕ ਆਪਣਾ ਸੰਤੁਲਨ ਗੁਆ ਬੈਠੀ ਅਤੇ ਉਹ ਬਾਈਕ ਸਮੇਤ ਸੜਕ ਕਿਨਾਰੇ ਡਿੱਗ ਗਿਆ ਅਤੇ ਬਾਈਕ ਦੀ ਪਿਛਲੀ ਸੀਟ ’ਤੇ ਬੈਠੀ ਉਸ ਦੀ ਪਤਨੀ ਟਰੱਕ ਦੇ ਪਿਛਲੇ ਟਾਇਰਾਂ ਹੇਠ ਕੁਚਲ ਗਈ। ਮੁਲਜ਼ਮ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।
ਪੁਲਿਸ ਚੌਕੀ ਕੰਗਣਵਾਲ ਦੇ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਜੋ ਮੁਲਜ਼ਮ ਟਰੱਕ ਡਰਾਈਵਰ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।