Punjab

ਪੰਜਾਬ ਦੀ ਜੇਲ੍ਹ ‘ਚ ਕੈਦੀਆਂ ਨੇ ਕੀਤੀ ਜਨਮ ਦਿਨ ਦੀ ਪਾਰਟੀ !

ਬਿਉਰੋ ਰਿਪੋਰਟ : ਪੰਜਾਬ ਦੀ ਜੇਲ੍ਹਾਂ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੀ ਸਖਤੀ ਬੇਅਸਰ ਸਾਬਿਤ ਹੋ ਰਹੀ ਹੈ । ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਅੰਦਰੋ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਹਵਾਲਾਤੀ ਗਾਇਕ ਕਰਨ ਔਜਲਾ ਦੇ ਗੀਤਾਂ ਦੇ ਲਲਕਾਰੇ ਮਾਰਦੇ ਹੋਏ ਨਜ਼ਰ ਆ ਰਹੇ ਹਨ । ਉਹ ਆਪਣੇ ਸਾਥੀ ਹਵਾਲਾਤੀ ਮਨੀ ਰਾਣਾ ਦਾ ਜਨਮ ਦਿਨ ਮਨਾ ਰਹੇ ਹਨ। ਬੈਰਕ ਵਿੱਚ ਇਹ ਵੀਡੀਓ ਬਣਾਈ ਗਈ ਹੈ । ਵੀਡੀਓ ਬਣਾਉਣ ਦੇ ਬਾਅਦ ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਹੈ ।
ਜੇਲ੍ਹ ਪ੍ਰਸ਼ਾਸਨ ਨੇ ਬੈਰਕ ਵਿੱਚ ਸਰਚ ਕੀਤੀ ਤਾਂ ਜਿਸ ਨੌਜਵਾਨ ਦੇ ਮੋਬਾਈਲ ਤੋਂ ਵੀਡੀਓ ਬਣੀ ਸੀ ਉਸ ਨੇ ਮੋਬਾਈਲ ਜ਼ਮੀਨ ‘ਤੇ ਸੁੱਟ ਕੇ ਤੋੜ ਦਿੱਤਾ । ਇਸ ਦੇ ਬਾਅਦ ਪੁਲਿਸ ਨੇ ਕੁਝ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਜੇਲ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿੱਚ ਕਿਸੇ ਤਰ੍ਹਾਂ ਮੋਬਾਈਲ ਨੈੱਟਵਰਕ ਕੰਮ ਨਹੀਂ ਕਰਦਾ ਹੈ । ਪਰ ਗੈਂਗਸਟਰ ਅਤੇ ਹਵਾਲਾਤੀਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਿਵੇਂ ਹੋਈ ਇਸ ਦਾ ਜਵਾਬ ਪੁਲਿਸ ਕੋਲ ਨਹੀਂ ਹੈ।

ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ

ਜੇਲ੍ਹ ਤੋਂ ਜਨਮ ਦਿਨ ਮਨਾਉਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਈ ਹੈ । ਦੱਸਿਆ ਜਾ ਰਿਹਾ ਹੈ ਇਹ ਵੀਡੀਓ 15 ਦਿਨ ਪਹਿਲਾਂ ਦਾ ਹੈ । ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ FIR ਦਰਜ ਕੀਤੀ ਹੈ। ਮਨੀ ਰਾਣਾ ਦੇ ਜਨਮ ਦਿਨ ‘ਤੇ ਸਾਰੇ ਹਵਾਲਾਤੀਆਂ ਨੂੰ ਚਾਹ ਅਤੇ ਪਕੌੜੇ ਬੈਰਕ ਵਿੱਚ ਖਾਦੇ ਸਨ । ਵੀਡੀਓ ਵਿੱਚ ਹਵਾਲਾਤੀਆਂ ‘ਮਨੀ ਵੀਰ ਹੈਪੀ ਬਰਥ ਡੇ’ ਕਹਿ ਰਹੇ ਹਨ। ਇਸ ਦੇ ਬਾਅਦ ਗਿਲਾਸ ਟਕਰਾ ਕੇ ਚੀਅਰਸ ਕਰਦੇ ਵਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਜੇਲ੍ਹ ਮੰਤਰਾਲਾ ਅਤੇ ਜੇਲ੍ਹਾਂ ਦੀ ਸੁਰੱਖਿਆ ਨੂੰ ਲੈਕੇ ਸਵਾਲ ਉੱਠ ਰਹੇ ਹਨ । ਕੇਂਦਰੀ ਜੇਲ੍ਹ ਤੋਂ ਇਹ ਕੋਈ ਪਹਿਲੀ ਵੀਡੀਓ ਨਹੀਂ ਬਣਾਈ ਗਈ ਹੈ ।

ਜੇਲ੍ਹ ਸੁਪ੍ਰੀਡੈਂਟ ਦਾ ਬਿਆਨ

ਇਸ ਮਾਮਲੇ ਵਿੱਚ ਜੇਲ੍ਹ ਸੁਪ੍ਰੀਡੈਂਟ ਸ਼ਿਵਰਾਜ ਨੰਦਗੜ੍ਹ ਨੇ ਕਿਹਾ ਕਿ ਵੀਡੀਓ 15 ਤੋਂ 20 ਦਿਨ ਪੁਰਾਣਾ ਹੈ । ਜੇਲ੍ਹ ਵਿੱਚ ਇੱਕ ਨੌਜਵਾਨ ਦਾ ਜਨਮ ਦਿਨ ਸੀ, ਉਨ੍ਹਾਂ ਲੋਕਾਂ ਨੇ ਬੈਰਕ ਵਿੱਚ ਚਾਹ ਅਤੇ ਪਕੌੜੇ ਬਣਵਾਏ ਸਨ। ਜਦੋਂ ਵੀਡੀਓ ਦੇ ਬਾਰੇ ਪਤਾ ਚੱਲਿਆ ਤਾਂ ਅਸੀਂ ਫੌਰਨ ਐਕਸ਼ਨ ਲਿਆ। ਬੈਰਕ ਵਿੱਚ ਸਰਚ ਕਰਵਾਈ ਤਾਂ ਬਦਮਾਸ਼ਾਂ ਨੇ ਫੋਨ ਤੋੜ ਦਿੱਤਾ । ਇਸ ਤੋਂ ਪਹਿਲਾਂ ਫਿਰੋਜ਼ਪੁਰ ਦੀ ਜੇਲ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ।

ਫਿਰੋਜ਼ਪੁਰ ਦੀ ਜੇਲ੍ਹ ਤੋਂ 43 ਹਜ਼ਾਰ ਕਾਲ ਹੋਈਆਂ

ਪੰਜਾਬ ਹਰਿਆਣਾ ਹਾਈਕੋਰਟ ਦੀ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਫਿਰੋਜ਼ਪੁਰ ਦੀ ਜੇਲ੍ਹ ਤੋਂ ਇੱਕ ਮਹੀਨੇ ਦੇ ਅੰਦਰ 43 ਹਜ਼ਾਰ ਫੋਨ ਕਾਲ ਹੋਈਆਂ ਸਨ। ਇਹ ਸਾਰੀ ਫੋਨ ਕਾਲ ਜੇਲ੍ਹ ਵਿੱਚ ਬੰਦ ਡਰੱਗ ਸਮੱਗਲਰਾਂ ਦੇ ਵੱਲੋਂ ਸਮਗਲਿੰਗ ਦੇ ਲਈ ਕੀਤੀਆਂ ਗਈਆਂ ਸਨ। ਸਮੱਗਲਰਾਂ ਨੇ ਆਪਣੀ ਪਤਨੀ ਦੇ ਖਾਤੇ ਤੋਂ ਲੈਣ-ਦੇਣ ਕੀਤਾ ਸੀ। ਇਸ ਖੁਲਾਸੇ ਤੋਂ ਬਾਅਦ ਹਾਈਕੋਰਟ ਨੇ ਇਸ ਦੀ ਜਾਂਚ CBI ਨੂੰ ਸੌਂਪਣ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ । ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ ਵਿੱਚ ਆਇਆ, ਮੌਜੂਦਾ ਅਤੇ ਸਾਬਕਾ ਜੇਲ੍ਹ ਅਧਿਕਾਰੀਆਂ ਦੇ ਖਿਲਾਫ FIR ਦਰਜ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ 11 ਪੁਲਿਸ ਅਧਿਕਾਰੀ ਹਨ ਅਤੇ 4 ਸਮੱਗਲਰ। ਇਹ ਸਾਰੇ ਫੋਨ ਸਪਲਾਈ ਅਤੇ ਜੇਲ੍ਹ ਤੋਂ ਅੰਦਰੋ ਡਰੱਗ ਦੇ ਧੰਦੇ ਵਿੱਚ ਸ਼ਾਮਲ ਸਨ। ਜਿੰਨਾਂ ਅਧਿਕਾਰੀਆਂ ਨੂੰ ਗਿਫਤਾਰ ਕੀਤਾ ਗਿਆ ਹੈ ਉਸ ਵਿੱਚ ਰਿਟਾਇਡ ਸੁਪ੍ਰੀਡੈਂਟ ਨਿਰਮਲ ਸਿੰਘ,ਕਸ਼ਮੀਰ ਚੰਦ,ਗੁਰਤੇਜ ਸਿਘ,ਸੁਰਜੀਤ ਸਿੰਘ,ਬਲਕੌਰ ਸਿੰਘ,ਨਛਤਰ ਸਿੰਘ,ਸਾਹਿਬ ਸਿੰਘ ਸ਼ਾਮਲ ਹਨ । ਇੰਨਾਂ ਸਾਰੀਆਂ ਨੇ ਜੇਲ੍ਹ ਵਿੱਚ ਮੋਬਾਈਲ ਪਹੁੰਚਾਉਣ ਦਾ ਕੰਮ ਕੀਤਾ ਸੀ।