Punjab

ਲੁਧਿਆਣਾ : 1 ਸ਼ਖਸ ਦੀ ਵੱਡੀ ਲਾਪਰਵਾਹੀ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ! ਪਰਿਵਾਰ ਮੰਗ ਰਿਹਾ ਹੈ ਇਨਸਾਫ਼

ਬਿਊਰੋ ਰਿਪੋਰਟ : ਕਿਸੇ ਹੋਰ ਦੀ ਲਾਪਰਵਾਹੀ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਲੁਧਿਆਣਾ ਵਿੱਚ ਤੇਜ਼ ਰਫਤਾਰ ਕਾਰ ਡਰਾਈਵਰ ਨੇ ਸੜਕ ‘ਤੇ ਤਿੰਨ ਲੋਕਾਂ ਨੂੰ ਹੇਠਾਂ ਦੇ ਦਿੱਤਾ। ਹਾਦਸੇ ਵਿੱਚ 2 ਦੀ ਮੌਤ ਹੋ ਗਈ ਜਦਕਿ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਿੰਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ 2 ਨੌਜਵਾਨਾਂ ਨੇ ਦਮ ਤੋੜ ਦਿੱਤਾ।

ਹਾਦਸੇ ਵਿੱਚ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਤਰੂਣਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ ਜਦਕਿ ਜਖ਼ਮੀ ਮਾਲਵਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਹਾਦਸਾ ਇੰਨਾ ਜ਼ਿਆਦਾ ਖ਼ਤਰਨਾਕ ਸੀ ਕਿ ਕਾਰ ਨੌਜਵਾਨਾਂ ਨਾਲ ਟਕਰਾਉਣ ਤੋਂ ਬਾਅਦ ਦਰੱਖ਼ਤ, ਘਰ ਦੀ ਕੰਧ ਅਤੇ ਦੁਕਾਨ ਦਾ ਸ਼ਟਰ ਵੀ ਤੋੜ ਦਿੱਤਾ। ਇਹ ਸਾਰਾ ਕੁਝ ਵੇਖ ਕੇ ਮੌਕੇ ‘ਤੇ ਮੌਜੂਦ ਲੋਕ ਡਰ ਗਏ। ਹੁਣ ਤੱਕ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਗੱਡੀ ਚਲਾਉਣ ਵਾਲਾ ਡਰਾਈਵਰ ਨਸ਼ੇ ਵਿੱਚ ਟਲੀ ਸੀ। ਇਸੇ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ ।

ਸੜਕ ਦੇ ਬੈਂਚ ‘ਤੇ ਬੈਠੇ ਸਨ ਨੌਜਵਾਨ

ਹਾਦਸੇ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਵੱਡੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਤਿੰਨੋ ਨੌਜਵਾਨ ਸੜਕ ਕਿਨਾਰੇ ਬੈਂਚ ‘ਤੇ ਬੈਠੇ ਹੋਏ ਸਨ। ਇਸ ਦੌਰਾਨ ਨਸ਼ੇ ਵਿੱਚ ਧੁੱਤ ਕਾਰ ਡਰਾਈਵਰ ਨੇ ਉਨ੍ਹਾਂ ‘ਤੇ ਗੱਡੀ ਚੜਾ ਦਿੱਤੀ, ਹਾਦਸੇ ਵਿੱਚ ਕਾਰ ਦੇ ਡਰਾਈਵਰ ਨੂੰ ਵੀ ਸੱਟ ਲੱਗੀ ਹੈ। ਜਖ਼ਮੀ ਡਰਾਈਵਰ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡੀਐੱਸਪੀ(DSP) ਕਰਨੈਲ ਸਿੰਘ ਨੇ ਦੱਸਿਆ ਹੈ ਕਿ ਕਾਰ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਜਖ਼ਮੀ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ। ਉਧਰ ਮ੍ਰਿਤਕ ਗੁਰਪ੍ਰੀਤ ਸਿੰਘ ਅਤੇ ਤਰੁਨਦੀਪ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਹੈ।