ਲੁਧਿਆਣਾ ਦੇ ਭਾਜਪਾ ਕੌਂਸਲਰ ਅਨਿਲ ਭਾਰਦਵਾਜ ਨੇ ਆਪਣੀ ਸਾਬਕਾ ਬਿਜ਼ਨਸ ਪਾਰਟਨਰ ਹਰਪ੍ਰੀਤ ਕੌਰ ਬਰਾੜ (ਸਰਾਭਾ ਨਗਰ ਨਿਵਾਸੀ) ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਨੇ ਜਾਅਲੀ ਦਸਤਾਵੇਜ਼ਾਂ ਨਾਲ ਉਨ੍ਹਾਂ ਦੀ ਸਾਂਝੀ ਫਰਮ “ਮੈਸਰਜ਼ ਵੋਗ ਲੌਗ” ਦੇ ਨਾਂ ‘ਤੇ ਐਸਬੀਆਈ ਸਰਾਭਾ ਨਗਰ ਬ੍ਰਾਂਚ ਵਿੱਚ ਇਕੱਲੇ ਬੈਂਕ ਖਾਤਾ ਖੋਲ੍ਹ ਲਿਆ ਅਤੇ ਫਰਮ ਦੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ।
ਦੋਵਾਂ ਨੇ 1 ਅਗਸਤ 2022 ਨੂੰ ਪਾਰਟਨਰਸ਼ਿਪ ਡੀਡ ‘ਤੇ ਦਸਤਖਤ ਕੀਤੇ ਸਨ, ਜਿਸ ਵਿੱਚ 50-50% ਹਿੱਸੇਦਾਰੀ ਤੈਅ ਹੋਈ ਸੀ। ਫਰਮ ਦਾ ਕਾਰੋਬਾਰ ਘਰੇਲੂ ਤੇ ਵਪਾਰਕ ਫਰਨੀਚਰ ਦਾ ਨਿਰਮਾਣ, ਵਿਕਰੀ, ਆਯਾਤ-ਨਿਰਯਾਤ ਸੀ। ਅਨਿਲ ਭਾਰਦਵਾਜ ਨੇ ਕੱਚੇ ਮਾਲ ਤੇ ਹੋਰ ਖਰਚਿਆਂ ਲਈ 26 ਲੱਖ ਰੁਪਏ ਦਾ ਨਿਵੇਸ਼ ਕੀਤਾ। ਉਹ ਕਿਸ਼ੋਰ ਨਗਰ, ਤਾਜਪੁਰ ਰੋਡ ‘ਤੇ ਰਹਿੰਦੇ ਹਨ ਅਤੇ ਫਰਨੀਚਰ ਦਾ ਕਾਰੋਬਾਰ ਚਲਾਉਂਦੇ ਹਨ।
ਕਾਰੋਬਾਰ ਵਧਣ ਤੋਂ ਬਾਅਦ ਹਰਪ੍ਰੀਤ ਨੇ ਖਾਤੇ ਦਿਖਾਉਣੇ ਬੰਦ ਕਰ ਦਿੱਤੇ। ਆਡਿਟ ਦੌਰਾਨ ਪਤਾ ਲੱਗਾ ਕਿ ਉਸ ਨੇ 6 ਮਾਰਚ 2023 ਨੂੰ ਬਿਨਾਂ ਦੱਸੇ “ਮੈਸਰਜ਼ ਲਗਜ਼ਰੀ ਰਿਜ਼ੌਰਟਸ ਪ੍ਰਾਈਵੇਟ ਲਿਮਟਿਡ” ਨੂੰ ਬਿੱਲ ਭੇਜਿਆ। ਜਦੋਂ ਅਨਿਲ ਨੇ ਸਵਾਲ ਕੀਤਾ ਤਾਂ ਹਰਪ੍ਰੀਤ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
17-18 ਮਾਰਚ 2023 ਨੂੰ ਹਰਪ੍ਰੀਤ ਨੇ ਫੈਕਟਰੀ ਤੋਂ ਫਰਨੀਚਰ ਚੁੱਕ ਕੇ ਆਪਣੀ ਰਿਹਾਇਸ਼ ‘ਤੇ ਲਿਜਾ ਕੇ “ਹੋਮ ਸਟੋਰੀ” ਬ੍ਰਾਂਡ ਨਾਲ 50-60 ਲੱਖ ਰੁਪਏ ਵਿੱਚ ਵੇਚ ਦਿੱਤਾ। ਉਹ ਫਰਮ ਦੇ ਬਿੱਲਾਂ ਦੀ ਦੁਰਵਰਤੋਂ ਕਰਕੇ ਵੱਖ-ਵੱਖ ਬੈਂਕਾਂ ਵਿੱਚ ਖਾਤੇ ਖੋਲ੍ਹਣ ਤੇ ਜਾਅਲੀ ਸਮਝੌਤੇ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।
ਅਨਿਲ ਨੇ ਸਿਵਲ ਅਦਾਲਤ ਵਿੱਚ ਵੀ ਮੁਕੱਦਮਾ ਦਾਇਰ ਕੀਤਾ, ਜਿਸ ‘ਤੇ ਅਦਾਲਤ ਨੇ ਰੋਕ ਲਗਾ ਦਿੱਤੀ, ਪਰ ਫਿਰ ਵੀ ਉਸ ਨੂੰ ਫਰਮ ਵਿੱਚ ਦਾਖਲ ਹੋਣ ਜਾਂ ਖਾਤੇ ਵੇਖਣ ਨਹੀਂ ਦਿੱਤਾ ਜਾ ਰਿਹਾ। ਸਰਾਭਾ ਨਗਰ ਥਾਣੇ ਵਿੱਚ ਏਸੀਪੀ (ਵਿੱਤੀ ਅਪਰਾਧ) ਦੀ ਜਾਂਚ ਤੋਂ ਬਾਅਦ ਹਰਪ੍ਰੀਤ ਕੌਰ ਬਰਾੜ ਵਿਰੁੱਧ ਧੋਖਾਧੜੀ, ਜਾਅਲੀ ਦਸਤਾਵੇਜ਼ ਤੇ ਵਿਸ਼ਵਾਸਘਾਤ ਦੇ ਦੋਸ਼ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ, ਜਾਂਚ ਜਾਰੀ ਹੈ।

