ਬਿਊਰੋ ਰਿਪੋਰਟ : ਲੁਧਿਆਣਾ ਦਾ ਅਮਨਦੀਪ ਸਿੰਘ 7 ਸਾਲ ਪਹਿਲਾਂ ਅਮਰੀਕਾ ਗਿਆ, ਪਰ ਹੁਣ ਜਦੋਂ ਉਹ ਵਿਆਹ ਦੇ ਲਈ ਵਾਪਸ ਆਉਣ ਵਾਲਾ ਸੀ ਤਾਂ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ ਹੈ । ਅਮਨਦੀਪ ਦੀ ਸ਼ੱਕੀ ਹਾਲਤਾਂ ਵਿੱਚ ਲਾਸ਼ ਕਾਰ ਤੋਂ ਬਰਾਮਦ ਹੋਈ ਹੈ। ਉਸ ਦੀ ਮੌਤ ਦੇ ਪਿੱਛੇ ਕੀ ਕਾਰਨ ਸੀ, ਕੀ ਉਸ ਦਾ ਕਤਲ ਕੀਤਾ ਗਿਆ ਜਾਂ ਫਿਰ ਮੌਤ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ । ਇਸ ਬਾਰੇ ਪਰਿਵਾਰ ਨੂੰ ਕੁੱਝ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ ।
ਅਮਨਦੀਪ ਦੀ ਮਾਂ ਨੇ ਦੱਸਿਆ ਕਿ ਪੁੱਤ ਨੇ ਕੁੱਝ ਦਿਨ ਪਹਿਲਾਂ ਇੱਕ ਵਾਅਦਾ ਕੀਤਾ ਸੀ ਜਿਸ ਨੂੰ ਉਹ ਅਧੂਰਾ ਛੱਡ ਗਿਆ। ਸਿਰਫ਼ ਇਨ੍ਹਾਂ ਹੀ ਨਹੀਂ ਮੌਤ ਤੋਂ ਪਹਿਲਾਂ ਪੁੱਤ ਦੇ ਅਖੀਰਲਾ ਫ਼ੋਨ ਵੀ ਪਰਿਵਾਰ ਕੀਤਾ ਸੀ ਪਰ ਕਿਸੇ ਵਜ੍ਹਾ ਕਰ ਕੇ ਪਰਿਵਾਰ ਫ਼ੋਨ ਨਹੀਂ ਚੁੱਕ ਸਕਿਆ, ਜਦੋਂ ਉਨ੍ਹਾਂ ਨੇ ਕੀਤਾ ਤਾਂ ਪੁੱਤਰ ਨੇ ਫ਼ੋਨ ਨਹੀਂ ਚੁੱਕਿਆ। ਮਾਂ ਨੂੰ ਇਸ ਦਾ ਵੀ ਬਹੁਤ ਮਲਾਲ ਹੈ ਕਿ ਅਖੀਰਲੀ ਵਾਰ ਪੁੱਤਰ ਨਾਲ ਗੱਲ ਨਹੀਂ ਹੋ ਸਕੀ। ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਹੈ ਕਿ ਅਮਨਦੀਪ ਆਖ਼ਿਰ ਕਿਵੇਂ ਇੰਨੀ ਜਲਦੀ ਦੁਨੀਆ ਨੂੰ ਅਲਵਿਦਾ ਕਹਿ ਸਕਦਾ ਹੈ।
ਅਮਰੀਕਾ ਵਿੱਚ ਸੁਰੱਖਿਆ ਗਾਰਡ ਸੀ ਅਮਨਦੀਪ
ਮ੍ਰਿਤਕ ਅਮਨਦੀਪ ਸਿੰਘ ਦੀ ਮਾਂ ਜਸਪਾਲ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ 7 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਐਮਾਜੋਨ ਦੇ ਸ਼ੋਅਰੂਮ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਸੀ। 7 ਸਾਲ ਬਾਅਦ ਅਮਨਦੀਪ ਨੇ ਦਿਵਾਲ਼ੀ ਮੌਕੇ ਘਰ ਆਉਣਾ ਸੀ ਉਸੇ ਵੇਲੇ ਹੀ ਉਸ ਦਾ ਵਿਆਹ ਹੋਣਾ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾ ਨਾਲ ਚੱਲ ਰਹੀ ਸੀ, ਪਰ ਹੁਣ ਉਸ ਦੀ ਮੌਤ ਦੀ ਖ਼ਬਰ ਨਾਲ ਸ਼ਗਨਾਂ ਵਾਲੇ ਘਰ ਵਿੱਚ ਮਾਤਮ ਪਸਰ ਗਿਆ ਹੈ।
ਮ੍ਰਿਤਕ ਅਮਨਦੀਪ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਰਹਿੰਦੇ ਉਸ ਦੇ ਦੋਸਤ ਮਦਦ ਕਰ ਰਹੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਨੂੰ ਵੀ ਮਦਦ ਕੀ ਅਪੀਲ ਕੀਤੀ ਹੈ ।
‘ਮਾਂ ਤੈਨੂੰ ਆਪਣੇ ਕੋਲ ਰੱਖਾਂਗਾ’
ਅਮਨਦੀਪ ਸਿੰਘ ਅਕਸਰ ਆਪਣੀ ਮਾਂ ਨੂੰ ਇਹ ਕਹਿੰਦਾ ਸੀ ਕਿ ਤੈਨੂੰ ਆਪਣੇ ਕੋਲ ਰੱਖਾਂਗਾ, ਮਾਂ ਦੇ ਵੀਜ਼ੇ ਦੇ ਦਸਤਾਵੇਜ਼ ਦਾ ਕੰਮ ਵੀ ਹੋ ਗਿਆ ਸੀ । ਪਰ ਉਸ ਦੇ ਸਾਰੇ ਸੁਪਨੇ ਹੁਣ ਅਧੂਰੇ ਰਹਿ ਗਏ । ਮਾਂ ਇਹ ਕਹਿੰਦੇ-ਕਹਿੰਦੇ ਬੇਹੋਸ਼ ਹੋ ਗਈ ਕਿ ਨਾਲ ਰੱਖਣ ਦਾ ਵਾਅਦਾ ਕਰ ਕੇ ਛੱਡ ਕੇ ਚਲਾ ਗਿਆ ਅਮਨਦੀਪ, 7 ਸਾਲ ਤੋਂ ਪੁੱਤ ਨੂੰ ਵੇਖਿਆ ਨਹੀਂ ਸੀ ।