ਲੁਧਿਆਣਾ : ਸੜਕ ‘ਤੇ ਚੱਲਣ ਵਾਲੇ ਹਰ ਉਮਰ ਦੇ ਲੋਕਾਂ ਨੂੰ ਅਲਰਟ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਗੈਸ ਲੀਕ ਕਾਂਡ ਵਿੱਚ 11 ਲੋਕਾਂ ਦੀ ਮੌਤ ਤੋਂ ਬਾਅਦ ਤਾਂ ਇਹ ਵੱਡੀ ਚਿਤਾਵਨੀ ਹੈ। ਲੁਧਿਆਣਾ ਵਿੱਚ 4 ਔਰਤਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ, ਜੋ ਗਟਰ ਦੇ ਢੱਕਣਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਸ ਮਾਮਲੇ ਦੀ ਵਾਇਰਲ ਵੀਡੀਓ ਅਰਜੁਨ ਨਗਰ ਦੀ ਹੈ। ਔਰਤਾਂ ਗਲੀ ਵਿੱਚ ਲੱਗੇ ਸੀਵਰੇਜ ਦੇ ਢੱਕਣ ਨੂੰ ਕੱਢ ਕੇ ਆਟੋ ਵਿੱਚ ਲੈ ਕੇ ਜਾਂਦੀਆਂ ਨਜ਼ਰ ਆਈਆਂ ਹਨ। ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 2 ਔਰਤਾਂ ਨੇ ਪਹਿਲਾਂ ਰੇਕੀ ਵੀ ਕੀਤੀ ।
ਸੜਕ ‘ਤੇ ਚੱਲਦੀ ਫਿਰਦੀ ਮੌਤ
ਸੜਕ ‘ਤੇ ਗਟਰ ਦਾ ਢੱਕਣ ਖੁੱਲੇ ਹੋਣ ਦੀ ਵਜ੍ਹਾ ਕਰਕੇ ਕੋਈ ਵੀ ਇਸ ਵਿੱਚ ਡਿੱਗ ਸਕਦਾ ਹੈ, ਉਹ ਭਾਵੇਂ ਛੋਟਾ ਬੱਚਾ, ਔਰਤ, ਪੁਰਸ਼ ਜਾਂ ਫਿਰ ਬਜ਼ੁਰਗ ਵੀ ਹੋ ਸਕਦਾ ਹੈ। ਸਿਰਫ਼ ਇੰਨਾ ਹੀ ਨਹੀਂ ਗੱਡੀ ਜਾਂ ਫਿਰ ਟੂ-ਵਹੀਲਰ ਚਲਾਉਣ ਵਾਲਾ ਸ਼ਖ਼ਸ ਵੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਕੁਝ ਦਿਨ ਪਹਿਲਾਂ ਗਲੀ ਨੰਬਰ 14 ਦੇ ਸੀਵਰੇਜ ਦਾ ਢੱਕਣ ਚੋਰੀ ਹੋਣ ਦੀ ਵਜ੍ਹਾ ਕਰਕੇ ਇੱਕ ਬਾਈਕ ਸਵਾਰ ਉਸ ਵਿੱਚ ਡਿੱਗ ਗਿਆ ਸੀ ਅਤੇ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਇਆ ਸੀ। ਸਿਰਫ਼ ਇੰਨਾ ਹੀ ਨਹੀਂ 1 ਮਈ ਨੂੰ ਲੁਧਿਆਣਾ ਦੇ ਗਿਆਸਪੁਰਾ ਵਿੱਚ ਗਟਰ ਤੋਂ ਗੈਸ ਬਣਨ ਨਾਲ 11 ਲੋਕਾਂ ਦੀ ਮੌਤ ਹੋਈ ਸੀ, ਉਸ ਦੇ ਪਿੱਛੇ ਵੱਡਾ ਕਾਰਨ ਵੀ ਗਟਰ ਦੇ ਢੱਕਣ ਦਾ ਗਾਇਬ ਹੋਣਾ ਸੀ। ਇਹ ਵੱਡੀ ਚਿੰਤਾ ਦਾ ਵਿਸ਼ਾ ਹੈ, ਇਸ ‘ਤੇ ਨਗਰ ਨਿਗਮ ਦੇ ਨਾਲ ਪੁਲਿਸ ਨੂੰ ਵੀ ਅਲਰਟ ਰਹਿਣਾ ਹੋਵੇਗਾ ।
ਵੇਚ ਦੇ ਪੈਸਾ ਕਮਾਉਂਦੇ ਹਨ
ਗਟਰ ਦਾ ਢੱਕਣ ਸਰਕਾਰੀ ਹੁੰਦਾ ਹੈ। ਆਮ ਜਨਤਾ ਨੂੰ ਇਸ ਨਾਲ ਕੋਈ ਪੈਸਾ ਦਾ ਸਿੱਧਾ ਨੁਕਸਾਨ ਨਹੀਂ ਹੁੰਦਾ ਹੈ। ਇਸ ਲਈ ਲੋਕ ਇਸ ‘ਤੇ ਧਿਆਨ ਨਹੀਂ ਦਿੰਦੇ ਹਨ। ਸਿਰਫ ਪ੍ਰਸ਼ਾਸਨ ਨੂੰ ਨਿੰਦ ਦੇ ਚੱਲੇ ਜਾਂਦੇ ਹਨ। ਇਸ ਦੀ ਸ਼ਿਕਾਇਤ ਨਹੀਂ ਕਰਦੇ ਹਨ। ਪਰ ਇਹ ਕਿਸੇ ਵੇਲੇ ਵੀ ਕਿਸੇ ਦੀ ਜਾਨ ਲਈ ਖ਼ਤਰਾ ਬਣ ਸਕਦਾ ਹੈ। ਗਟਰ ਦੇ ਢੱਕਣ ਚੋਰੀ ਕਰਨ ਵਾਲੇ ਲੋਕ ਇਸ ਨੂੰ ਲੋਹੇ ਦੇ ਭਾਅ ਕਬਾੜੀ ਨੂੰ ਵੇਚ ਦਿੰਦੇ ਹਨ। ਗੈਂਗ ਦੇ ਮੈਂਬਰ ਸਿਰਫ਼ ਲੁਧਿਆਣਾ ਵਿੱਚ ਹੀ ਸਰਗਰਮ ਨਹੀਂ ਹਨ ਬਲਕਿ ਪੰਜਾਬ ਦੇ ਦੂਜੇ ਸ਼ਹਿਰਾਂ ਵਿੱਚ ਵੀ ਮੌਜੂਦ ਹਨ। ਚੋਰੀ ਦਾ ਇਹ ਮਾਮਲਾ ਵੇਖਣ ਨੂੰ ਇਹ ਭਾਵੇਂ ਆਮ ਲੱਗ ਰਿਹਾ ਹੋਵੇ ਪਰ ਇਹ ਬਹੁਤ ਦੀ ਗੰਭੀਰ ਹੈ। ਪ੍ਰਸ਼ਾਸਨ ਨੂੰ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਇਨ੍ਹਾਂ ਚੋਰਾਂ ਨੂੰ ਕਾਬੂ ਕਰਨਾ ਚਾਹੀਦਾ ਹੈ।