Punjab

LOP ਨੇਤਾ ਜੀ ਦਾ ਮਾਨਸਿਕ ਸੰਤੁਲਤ ਸਹੀ ਨਹੀਂ – CM ਭਗਵੰਤ ਮਾਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੁੱਧਵਾਰ ਨੂੰ ਸੰਤ ਸੀਚੇਵਾਲ ਮਾਡਲ ਸਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਅੱਜ (27 ਮਾਰਚ) ਮਾਹੌਲ ਫਿਰ ਗਰਮ ਰਿਹਾ। ਇਸ ਮਾਮਲੇ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਰੌਲਾ ਪਾਉਣ ਵਾਲੇ ਚਲੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਚੰਗਾ ਕੰਮ ਕਰ ਰਿਹਾ ਉਸ ਉਤੇ ਅਜਿਹੀਆਂ ਟਿੱਪਣੀਆਂ ਕਰਨੀਆਂ ਨਿੰਦਣਯੋਗ ਹੈ।

ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਕਿਹਾ ਕਿ LOP ਲੀਡਰ ਜੀ ਦਾ ਮਾਨਸਿਕ ਸੰਤੁਲਨ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਚੰਗੇ ਕੰਮ ਕਰਨ ਵਾਲਿਆਂ ਤੋਂ ਕਾਂਗਰਸ ਨੂੰ ਇਤਰਾਜ਼ ਕਿਉਂ ਹੈ। ਮਾਨ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਵਾਤਾਵਰਨ ਲਈ ਬਹੁਤ ਕੰਮ ਕੀਤਾ ਹੈ, ਇਸੇ ਕਾਰਨ ਸਾਡੀ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ। ਉਨਾਂ ਨੇ ਕਿਹਾ ਕਿ ਸ਼ੋਰ ਕਰਨ ਵਾਲੇ ਚਲੇ ਗਏ। ਅਸਲੀ ਕਾਂਗਰਸੀ ਇੱਥੇ ਬੈਠੇ ਹਨ।

ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਹੋਏ ਮਾਨ ਪ ਨੇ ਕਿਹਾ ਕਿ ਅਸੀਂ ਖੇਤਾਂ ਤੱਕ ਪਾਣੀ ਪਹੁੰਚਾਇਆ ਹੈ। ਮਾਨ ਨੇ ਕਿਹਾ ਕਿ 30 ਤੋਂ 40 ਸਾਲਾਂ ਤੋਂ ਬੰਦ ਪਈਆਂ ਨਹੀਰਾਂ ਚਾਲੂ ਕੀਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ  ਜ਼ਮੀਨ ਦੇ ਹੇਠਲੇ ਪਾਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਜਿਸ ਨਾਲ ਡੇਢ ਮੀਟਰ ਤੱਕ ਪਾਣੀ ਉੱਪਰ ਆ ਗਿਆ ਹੈ। ਭ੍ਰਿਸ਼ਟਾਚਾਰ ’ਤੇ ਬੋਲਦਿਆਂ ਮਾਨ ਨੇ ਕਿਹਾ ਕਿ  ਕੁਰੱਪਸ਼ਨ ਦਾ ਜੋ ਵੀ ਡੰਗ ਮਾਰੇਗਾ, ਸਰਕਾਰ ਉਸਦੇ ਦੰਦ ਕੱਢੇਗੀ। ਸਦਨ ਕੱਲ੍ਹ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।