India Lifestyle

ਵਿੰਡਸਕਰੀਨ ’ਤੇ ਫਾਸਟੈਗ ਨਾ ਲਾਉਣ ਵਾਲੇ ਸਾਵਧਾਨ! ਹੋਣਗੇ ਬਲੈਕਲਿਸਟ, ਜਾਣੋ ਨਵੇਂ ਨਿਯਮ

ਨਵੀਂ ਦਿੱਲੀ: NHAI ਨੇ ਫਾਸਟੈਗ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ। ਜਿਹੜੇ ਡਰਾਈਵਰ ਫਾਸਟੈਗ ਨੂੰ ਗੱਡੀ ਦੀ ਵਿੰਡਸ਼ੀਲਡ ਭਾਵ ਕਿ ਸ਼ੀਸ਼ੇ ’ਤੇ ਨਹੀਂ ਚਿਪਕਾਉਂਦੇ ਅਤੇ ਇਸ ਨੂੰ ਹੱਥ ਵਿੱਚ ਰੱਖ ਕੇ (ਜਿਸ ਨੂੰ ‘ਲੂਜ਼ ਫਾਸਟੈਗ’ ਜਾਂ ‘ਟੈਗ-ਇਨ-ਹੈਂਡ’ ਕਿਹਾ ਜਾਂਦਾ ਹੈ) ਟੋਲ ਪਲਾਜ਼ਾ ’ਤੇ ਸਕੈਨ ਕਰਵਾਉਂਦੇ ਹਨ, ਉਨ੍ਹਾਂ ਦਾ ਫਾਸਟੈਗ ਬਲੈਕਲਿਸਟ ਕਰ ਦਿੱਤਾ ਜਾਵੇਗਾ।

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਈ-ਟੋਲ ਸੰਗ੍ਰਹਿ ਸਿਸਟਮ ਵਿੱਚ ਵਿਘਨ ਪੈਂਦਾ ਹੈ, ਜਿਸ ਕਾਰਨ ਟੋਲ ਪਲਾਜ਼ਿਆਂ ’ਤੇ ਜਾਮ ਲੱਗਦਾ ਹੈ ਅਤੇ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ। ਕੁਝ ਡਰਾਈਵਰ ਜਾਣਬੁੱਝ ਕੇ ਫਾਸਟੈਗ ਨੂੰ ਵਿੰਡਸ਼ੀਲਡ ’ਤੇ ਨਹੀਂ ਲਗਾਉਂਦੇ ਅਤੇ ਇੱਕ ਹੀ ਫਾਸਟੈਗ ਨੂੰ ਕਈ ਗੱਡੀਆਂ ਲਈ ਵਰਤਦੇ ਹਨ, ਜੋ ਗੈਰ-ਕਾਨੂੰਨੀ ਹੈ। ਇਸ ਨਾਲ ਟੋਲ ‘ਤੇ ਗੱਡੀਆਂ ਦਾ ਡਾਟਾ ਮਿਸਮੈਚ ਹੁੰਦਾ ਹੈ।

ਐਨ.ਐਚ.ਏ.ਆਈ. ਨੇ 11 ਜੁਲਾਈ 2025 ਨੂੰ ਇਹ ਐਲਾਨ ਕੀਤਾ ਅਤੇ ਟੋਲ ਸੰਗ੍ਰਹਿ ਏਜੰਸੀਆਂ ਨੂੰ ਅਜਿਹੇ ਫਾਸਟੈਗ ਦੀ ਤੁਰੰਤ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ। ਇਸ ਲਈ ਇੱਕ ਵਿਸ਼ੇਸ਼ ਈਮੇਲ ਆਈ.ਡੀ. ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਏਜੰਸੀਆਂ ਅਜਿਹੇ ਮਾਮਲਿਆਂ ਦੀ ਜਾਣਕਾਰੀ ਦੇ ਸਕਦੀਆਂ ਹਨ। ਇਸ ਤੋਂ ਬਾਅਦ ਐਨ.ਐਚ.ਏ.ਆਈ. ਅਜਿਹੇ ਫਾਸਟੈਗ ਨੂੰ ਬਲੈਕਲਿਸਟ ਜਾਂ ਹੌਟਲਿਸਟ ਕਰਕੇ ਬੰਦ ਕਰ ਦੇਵੇਗੀ।