Punjab

ਬਰਖ਼ਾਸਤ AIG ਰਾਜਜੀਤ ਹੁੰਦਲ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ

Lookout notice issued against sacked AIG Rajjit Hundal

ਚੰਡੀਗੜ੍ਹ : ਪੰਜਾਬ ਪੁਲਿਸ ਨੇ ਬਰਖ਼ਾਸਤ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਰਾਜਜੀਤ ਸਿੰਘ ‘ਤੇ ਸ਼ਿਕੰਜਾ ਕੱਸਿਆ ਹੈ, ਜੋ ਕਿ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਇੱਕ ਮਾਮਲੇ ਵਿੱਚ ਅਕਤੂਬਰ 2023 ਤੋਂ ਭਗੌੜਾ ਹੈ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਿਕ, ਮੁਲਜ਼ਮ ਰਾਜਜੀਤ ਸਿੰਘ ਵਿਦੇਸ਼ ਭੱਜ ਗਿਆ ਹੈ ਜਾਂ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਹੈ।

ਪੁਲਿਸ ਨੇ ਰਾਜਜੀਤ ਸਿੰਘ ਦਾ ਲੁੱਕਆਊਟ ਨੋਟਿਸ ਜਾਰੀ ਕਰਕੇ ਸਾਰੀਆਂ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਰਾਸ਼ਟਰੀ ਮਾਰਗਾਂ ‘ਤੇ ਉਸਦੀ ਜਾਣਕਾਰੀ ਸਾਂਝੀ ਕੀਤੀ ਹੈ, ਤਾਂ ਜੋ ਜੇਕਰ ਦੋਸ਼ੀ ਅਜੇ ਤੱਕ ਦੇਸ਼ ਛੱਡ ਕੇ ਨਹੀਂ ਗਿਆ ਤਾਂ ਉਸ ਨੂੰ ਕਾਬੂ ਕੀਤਾ ਜਾ ਸਕੇ।

ਦੂਜੇ ਪਾਸੇ ਸਪੈਸ਼ਲ ਟਾਸਕ ਫੋਰਸ (STF) ਨੇ ਵੱਡੀ ਕਾਰਵਾਈ ਕੀਤੀ ਸੀ। ਐਸਟੀਐਫ ਨੇ ਮੁਲਜ਼ਮ ਏਆਈਜੀ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਪੰਜਾਬ ਐਸਟੀਐਫ ਵੱਲੋਂ ਕੇਂਦਰੀ ਵਿੱਤੀ ਮੰਤਰਾਲੇ ਨੂੰ ਪੱਤਰ ਲਿਖ ਕੇ ਮੁਲਜ਼ਮਾਂ ਦੀ ਜਾਇਦਾਦ ਕੁਰਕ ਕਰਨ ਲਈ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ’ਤੇ ਕੇਂਦਰੀ ਵਿੱਤ ਮੰਤਰਾਲੇ ਦੀ ਕਮੇਟੀ ਨੇ ਮੁਲਜ਼ਮ ਏਆਈਜੀ ਰਾਜਜੀਤ ਸਿੰਘ ਹੁੰਦਲ, ਉਨ੍ਹਾਂ ਦੀ ਪਤਨੀ ਅਤੇ ਧੀ ਨੂੰ 9 ਫਰਵਰੀ ਤਕ ਦਿੱਲੀ ‘ਚ ਅਥਾਰਟੀ ਅੱਗੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

ਇਹ ਮਾਮਲਾ ਹੈ

ਦਰਅਸਲ, ਸਾਲ 2017 ‘ਚ ਏਆਈਜੀ ਰਾਜਜੀਤ ਦੇ ਸਹਿਯੋਗੀ ਇੰਸਪੈਕਟਰ ਇੰਦਰਜੀਤ ਨੂੰ ਹਥਿਆਰ ਅਤੇ ਡਰੱਗ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਏ.ਕੇ.-47, 4 ਕਿੱਲੋ ਹੈਰੋਇਨ, 3 ਕਿੱਲੋ ਸਮੈਕ ਅਤੇ ਹੋਰ ਦੇਸੀ ਹਥਿਆਰ ਬਰਾਮਦ ਹੋਏ।

ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਏਆਈਜੀ ਰਾਜਜੀਤ ਸਿੰਘ ’ਤੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਨੂੰ ਬਚਾਉਣ ਅਤੇ ਝੂਠਾ ਰਿਕਾਰਡ ਪੇਸ਼ ਕਰਨ ਦਾ ਦੋਸ਼ ਹੈ। ਬਰਾਮਦ ਨਸ਼ੀਲੇ ਪਦਾਰਥਾਂ ਨਾਲ ਛੇੜਛਾੜ ਕਰਨ ਅਤੇ ਇੰਦਰਜੀਤ ਨੂੰ ਤਰੱਕੀ ਦੇਣ ਦੇ ਵੀ ਦੋਸ਼ ਹਨ। ਉਸ ਵਿਰੁੱਧ ਮਾਰਚ 2023 ਵਿਚ ਕੇਸ ਦਰਜ ਕੀਤਾ ਗਿਆ ਸੀ। ਫਿਰ ਉਹ ਕਈ ਮਹੀਨਿਆਂ ਤੱਕ ਰੂਪੋਸ਼ ਰਿਹਾ। ਉਸ ਨੂੰ 6 ਅਕਤੂਬਰ 2023 ਨੂੰ ਜ਼ਮਾਨਤ ਮਿਲ ਗਈ ਸੀ। ਹਾਲਾਂਕਿ, ਇੱਕ ਮਾਮਲੇ ਵਿੱਚ ਉਨ੍ਹਾਂ ਦਾ ਸਟੇਅ ਹਟਾ ਲਿਆ ਗਿਆ ਸੀ। ਉਦੋਂ ਤੋਂ ਉਹ ਜ਼ਮੀਨਦੋਜ਼ ਚੱਲ ਰਿਹਾ ਹੈ।

ਮੁਲਜ਼ਮ ਏਆਈਜੀ ਰਾਜਜੀਤ ਸਿੰਘ ਅਤੇ ਇੰਸਪੈਕਟਰ ਕਈ ਥਾਵਾਂ ’ਤੇ ਇਕੱਠੇ ਤਾਇਨਾਤ ਸਨ। ਰਾਜਜੀਤ ਸਿੰਘ ਨੂੰ 2012 ਤੋਂ 2017 ਤੱਕ ਜਿਨ੍ਹਾਂ ਥਾਵਾਂ ‘ਤੇ ਤਾਇਨਾਤ ਕੀਤਾ ਗਿਆ, ਉਨ੍ਹਾਂ ਨੇ ਵੀ ਇੰਦਰਜੀਤ ਸਿੰਘ ਨੂੰ ਆਪਣੇ ਕੋਲ ਰੱਖਿਆ। ਇਸ ਦੇ ਲਈ ਰਾਜਜੀਤ ਸਿੰਘ ਨੇ ਸਿਫ਼ਾਰਿਸ਼ ਪੱਤਰ ਲਿਖ ਕੇ ਇੰਦਰਜੀਤ ਦੀ ਬਦਲੀ ਕਰਵਾ ਲਈ ਹੈ। ਦੋਵੇਂ ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਜਲੰਧਰ ਵਿੱਚ ਇਕੱਠੇ ਤਾਇਨਾਤ ਰਹੇ ਹਨ।