ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਰਿਕਾਰਡ ਤੋੜ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਦੀੰਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦਿੱਲੀ ਲਈ ਰਵਾਨਾ ਹੋ ਗਏ ਹਨ। ਉਹ ਆਪ ਸੁਪਰੀਮੋ ਕੇਜਰੀਵਾਲ ਨੂੰ ਮਿਲਣਗੇ। ਸਮਝਿਆ ਜਾ ਰਿਹਾ ਹੈ ਕਿ ਨਵੇਂ ਵਜ਼ਾਰਤ ਦੇ ਗਠਨ ‘ ਤੇ ਚਰਚਾ ਕੀਤੀ ਜਾਵੇਗੀ। ਭਲਕੇ ਉਹ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਸਹੁੰ ਚੁੱਕ ਸਮਾਗਮ ਲਈ ਸ਼ਹੀਦੇ ਆਜਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਚੇਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇੱਕ ਵਾਰ ਚੰਡੀਗੜ੍ਹ ਤੋਂ ਬਾਹਰ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਚਪੜਚਿੜੀ ਯਾਦਗਾਰ ਵਿਖੇ ਹਲ਼ਫ਼ ਸਮਰੋਹ ਆਯੋਜਿਤ ਕੀਤਾ ਗਿਆ ਸੀ।
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਵਿਧਾਇਕ ਦਲ ਦੀ ਮੀਟਿੰਗ 12 ਨੂੰ ਸੱਦ ਲਈ ਗਈ ਹੈ। ਭਗਵੰਤ ਮਾਨ ਦਾ ਦਾਅਵਾ ਹੈ ਕਿ ਆਪ ਦੇ ਵਿਧਾਇਕ ਏਨੇ ਇਮਾਨਦਾਰ ਹਨ ਕਿ ਉਨ੍ਹਾਂ ਨੂੰ ਕਿੱਧਰੇ ਲਕਾਉਣ ਦੀ ਜਰੂਰਤ ਨਹੀਂ ਹੈ। ਉਂਝ ਵੀ ਆਪ ਨੂੰ ਵੱਡਾ ਬਹੁਮਤ ਮਿਲਿਆ ਹੈ ਜਿਸ ਕਰਕੇ ਵਜ਼ੀਰੀਆਂ ਵੰਡਣ ਵੇਲੇ ਕਿਸੇ ਕਿਸਮ ਦਾ ਦਬਾਅ ਨਹੀਂ ਝਲਣਾ ਪਵੇਗਾ। ਆਪ ਸੁਪਰੀਮੋ ਕੇਜਰੀਵਾਲ ਪਹਿਲਾਂ ਹੀ ਭੰਨ ਤੜੱਕਾ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਮੰਨੇ ਜਾਂਦੇ ਹਨ। ਵਿਧਾਇਕ ਹੋਣ ਜਾਂ ਮੰਤਰੀ ਅਤੇ ਜਾਂ ਫਿਰ ਲੀਡਰ ਉਨ੍ਹਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ। ਦਿੱਲੀ ਵਜ਼ਾਰਤ ਵਿਚ ਸਮੇਂ ਸਮੇ ਮੰਤਰੀਆਂ ਨੂੰ ਅਤੇ ਵਿਧਾਇਕਾਂ ਨੂੰ ਲੋੜ ਪੈਣ ‘ ਤੇ ਦਿਖਾਇਆ ਬਾਹਰ ਦਾ ਰਸਤਾ ਕਿਸੇ ਨੂੰ ਭੁਲਿਆ ਨਹੀਂ । ਪੰਜਾਬ ਵਿੱਚ ਵੀ ਜਿਨ੍ਹੇ ਅੱਖ ਚੁੱਕਣ ਦੀ ਹਿੰਮਤ ਕੀਤੀ ਉਹ ਪਾਰਚੀ ‘ਚ ਟਿਕ ਨਹੀਂ ਸਕਿਆ। ਇਸ ਵਾਰ ਪੰਜਾਬ ਵਿਧਾਨ ਸਭਾ ਵਿੱਚ ਪੜ੍ਹੇ ਲਿਖੇ ਚਿਹਰੇ ਕਾਫੀ ਹਨ। ਡਾਕਟਰਾਂ ਦੀ ਗਿਣਤੀ ਹੀ ਸੱਤ ਦੱਸੀ ਗਈ ਹੈ।
ਵਜ਼ਾਰਤ ਵਿੱਚ ਕਿਹੜੇ ਚਿਹਰੇ ਸ਼ਾਮਲ ਹੋਣਗੇ ਦੀ ਚਰਚਾ ਤਾਂ ਨਤੀਜੇ ਆਉਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਵਜ਼ੀਰਾਂ ਦੀ ਚੋਣ ਕਰਨ ਅਤੇ ਮਹਿਕਮੇ ਵੰਡਣ ਵੇਲੇ ਅਰਵਿੰਦ ਕੇਜਰੀਵਾਲ ਆਪਣੇ ਸੁਭਾਅ ਦੀ ਤਰ੍ਹਾਂ ਆਲ਼ ਇਨ ਆਲ ਹੋ ਕੇ ਵਿਚਰਨਗੇ। ਪਰ ਫਿਰ ਵੀ ਕਈ ਉਮੀਦਵਾਰ ਅਜਿਹੇ ਹਨ ਜਿਹੜੇ ਆਪਣੇ ਸੁਪਰੀਮੋ ਮੁਹਰੇ ਪੱਖ ਰੱਖਣ ਦੀ ਹਿੰਮਤ ਰੱਖਣ ਲੱਗੇ ਹਨ ਜਾਂ ਫਿਰ ਕਈਆਂ ਨੇ ਇੱਧਰੋਂ ਉੱਧਰੋਂ ਰਸਤੇ ਲੱਭ ਕੇ ਹਾਈ ਕਮਾਂਡ ਤੱਕ ਪੁੰਹਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਂਝ ਇਹ ਵੀ ਨਹੀਂ ਕਿ ਵਜ਼ੀਰੀਆਂ ਵੰਡਣ ਵੇਲੇ ਉਮੀਦਵਾਰਾਂ ਦੀ ਪੁਰਾਣੀ ਕਾਰਗੁਜਾਰੀ ਨੂੰ ਸਿਰੇ ਤੋਂ ਅੱਖੋਂ ਪਰੋਖੇ ਕੀਤਾ ਜਾਵੇਗਾ।
ਦਾ ਖ਼ਾਲਸ ਟੀਵੀ ਦੇ ਆਲਾ ਮਿਆਰੀ ਸੂਤਰ ਦੱਸ ਦੇ ਹਨ ਕਿ ਸਭ ਤੋਂ ਵੱਧ ਵੋਟਾਂ ਲੈ ਕੇ ਜੇਤੂ ਰਹੇ ਅਮਨ ਅਰੋੜਾ ਦਾ ਹੱਥ ਖਜ਼ਾਨਾ ਮਹਿਕਮੇ ਨੂੰ ਪੈ ਸਕਦਾ ਹੈ। ਪ੍ਰਿੰਸੀਪਲ ਬੁੱਧ ਰਾਮ ਅਤੇ ਪ੍ਰੋ ਬਲਜਿੰਦਰ ਕੌਰ ਦੋਹਾਂ ਦੀ ਪਸੰਦ ਸਿੱਖਿਆ ਵਿਭਾਗ ਹੈ। ਡਾ ਬਲਬੀਰ ਸਿੰਘ ਪਟਿਆਲਾ ਅਤੇ ਡਾ ਚਰਨਜੀਤ ਸਿੰਘ ਚੰਨੀ ਸਿਹਤ ਵਿਭਾਗ ‘ ਤੇ ਅੱਖ ਰੱਖੀ ਬੈਠੇ ਹਨ। ਸਿਆਸਤ ਦੇ ਬਾਬਾ ਬੋਹੜ ਪ੍ਰਕਾਸ ਸਿੰਘ ਬਾਦਲ ਨੂੰ ਚਿੱਤ ਕਰਨ ਵਾਲੇ ਗੁਰਮੀਤ ਸਿੰਘ ਖੁੱਡੀਆ ਵੀ ਆਪਣਾ ਹੱਕ ਜਿਤਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਰਹੇ ਹਰਪਾਲ ਸਿੰਘ ਚੀਮਾ ਨੂੰ ਸਪੀਕਰ ਦੀ ਕੁਰਸੀ ‘ਤੇ ਬਿਠਾ ਕੇ ਪਲੋਸ਼ਿਆ ਜਾ ਸਕਦਾ ਹੈ। ਗੁਰਮੀਤ ਸਿੰਘ ਮੀਤ ਹੇਅਰ ਵੀ ਚੰਗੇ ਮਹਿਕਮੇ ‘ਤੇ ਅੱਖ ਰੱਖੀ ਬੈਠੇ ਹਨ। ਡਿਪਟੀ ਲੀਡਰ ਆਫ ਆਪੋਜੇਸ਼ਨ ਸਰਬਜੀਤ ਕੌਰ ਮਾਣੂਕੇ ਦਾ ਹੱਥ ਵੀ ਸਿੱਖਿਆ ਵਿਭਾਗ ਨਾਲ ਸਬੰਧਤ ਮਹਿਕਮੇ ਵੱਲ ਵੱਧ ਰਿਹਾ ਹੈ। ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਭਾਣਜਾ ਕੁਲਤਾਰ ਸਿੰਘ ਸੰਧਵਾਂ ਵੀ ਚੰਗੇ ਮਹਿਕਮੇ ਦੀ ਆਸ ਲਾ ਰਿਹਾ ਹੈ। ਆਨੰਦਪੁਰ ਸਾਹਿਬ ਵਿਧਾਇਕ ਹਰਜੋਤ ਬੈਂਸ ਦਾ ਵੀ ਪਾਰਟੀ ਵਿੱਚ ਤਕੜਾ ਹੋਲਡ ਹੈ। ਉਹ ਵੀ ਕਿਸੇ ਚੰਗੇ ਮਹਿਕਮੇ ਨੂੰ ਹੱਥ ਮਾਰ ਸਕਦੇ ਹਨ। ਜਿਹੜੇ ਹੋਰ ਵਜ਼ੀਰੀਆਂ ਲੈਣ ਦੀ ਤਾਕ ਵਿੱਚ ਹਨ ਉਨ੍ਹਾਂ ਵਿੱਚ ਕੁਲਵੰਤ ਮੋਹਾਲੀ , ਰਮਨ ਬਹਿਲ , ਜਗਰੂਪ ਸ਼ੇਖਵਾਂ, ਕੁਲਵੰਤ ਸਿੰਘ ਪੰਡੋਰੀ ਅਤੇ ਜੈ ਕਿਸ਼ਨ ਰੋੜੀ ਦੇ ਨਾਂ ਮੋਹਰੀਆਂ ਵਿੱਚ ਚੱਲ ਰਹੇ ਹਨ। ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਰੋਸ ਵਜੋਂ ਹਰਿਆਣਾ ਦੀ ਸਰਕਾਰੀ ਨੌਕਰੀ ਨੂੰ ਲੱਤ ਮਾਰ ਦਿੱਤੀ ਸੀ। ਉਹ ਵੀ ਕਤਾਰ ਵਿੱਚ ਹਨ।
ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਚਾਹਤ ਗ੍ਰਹਿ ਮੰਤਰਾਲਾ ਹੈ ਇਨ੍ਹਾਂ ਨੇ ਕਾਂਗਰਸ ਸਰਕਾਰ ਵੇਲੇ ਰੋਸ ਵਜੋਂ ਪੁਲਿਸ ਦੀ ਉੱਚ ਅਫਸਰੀ ਵਗਾਹ ਕੇ ਮਾਰੀ ਸੀ। ਉਹ ਇੱਕੋ ਇੱਕ ਗੈਰ ਪੰਜਾਬੀ ਹਨ ਜਿਨ੍ਹਾਂ ਨੇ ਜਿੱਤ ਦਾ ਝੰਡਾ ਗੱਡਿਆ ਹੈ। ਆਮ ਕਰਕੇ ਗ੍ਰਹਿ ਵਿਭਾਗ ਮੁੱਖ ਮੰਤਰੀ ਆਪਣੇ ਕੋਲ ਰੱਖਦੇ ਆ ਰਹੇ ਹਨ। ਅਕਾਲੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਹਿ ਵਿਭਾਗ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤਾ ਸੀ। ਕਾਂਗਰਸ ਰਾਜ ਵੇਲੇ ਵੀ ਜਦੋਂ ਪਲਟਾ ਆਇਆ ਤਾਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਥਾਂ ਗ੍ਰਹਿ ਵਿਭਾਗ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੇ ਦਿੱਤਾ ਗਿਆ ਸੀ । ਦਾ ਖ਼ਾਲਸ ਟੀਵੀ ਦੇ ਆਮ ਆਦਮੀ ਪਾਰਟੀ ਅੰਦਰਲੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਗ੍ਰਹਿ ਅਤੇ ਸਹਿਕਾਰਤਾ ਮਹਿਕਮਾ ਆਪਣੇ ਕੋਲ ਰੱਖਣਗੇ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਮੰਤਰੀ ਮੰਡਲ ਦੀ ਗਿਣਤੀ 18 ਤੱਕ ਸੀਮਤ ਰੱਖਣੀ ਪਵੇਗੀ। ਰਾਜ ਮੰਤਰੀ ਜਾਂ ਚੀਫ ਪਾਰਲੀਮਾਨੀ ਸਕੱਤਰ ਦੇ ਨਾਂ ‘ਤੇ ਝੰਡੀ ਵਾਲੀਆਂ ਕਾਰਾਂ ਦੇ ਹੂਟੇ ਲੈਣ ਦੇ ਦਿਨ ਲੱਦ ਗਏ ਹਨ। ਦੂਜੀਆਂ ਪਾਰਟੀਆਂ ਦੇ ਚੋਣ ਵਿਧੀ ਦੇ ਹਵਾਲੇ ਨਾਲ ਇਹੋ ਕਿਹਾ ਜਾਣਾ ਬਣਦਾ ਹੈ ਕਿ ਵਜ਼ੀਰੀਆਂ ਉਦੋਂ ਤੱਕ ਕੱਚੀਆਂ ਹੁੰਦੀਆਂ ਹਨ ਜਦੋਂ ਤੱਕ ਕੋਈ ਵਿਧਾਇਕ ਰਾਜਪਾਲ ਦੇ ਲਾਗ ਖੜ੍ਹ ਕੇ ਹਲਫ਼ ਲੈਣੀ ਸ਼ੁਰੂ ਨਹੀੰ ਕਰ ਦਿੰਦਾ। ਅਕਾਲੀਆਂ ਅਤੇ ਕਾੰਗਰਸੀਆਂ ਵੇਲੇ ਮੰਤਰੀ ਵਜੋਂ ਸਹੁੰ ਚੁੱਕਣ ਦੇ ਅਖਤਿਆਰੀ ਪੱਤਰ ਵਾਪਸ ਲੈ ਲਏ ਜਾਂਦੇ ਰਹੇ ਹਨ।ਸੰਪਰਕ-98147-34035