India Lifestyle

ਸਾਲ 2026 ’ਚ ਛੁੱਟੀਆਂ ਦੀ ਲੱਗੇਗੀ ਝੜੀ: ‘ਸਮਾਰਟ ਲੀਵ’ ਨਾਲ ਬਣਾਓ 4 ਦਿਨਾਂ ਦੇ ਲੰਮੇ ਟ੍ਰੈਵਲ ਪਲਾਨ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 30 ਦਸੰਬਰ 2025): ਸਾਲ 2026 ਘੁੰਮਣ-ਫਿਰਨ ਦੇ ਸ਼ੌਕੀਨਾਂ ਲਈ ਖ਼ਾਸ ਸਾਬਤ ਹੋ ਸਕਦਾ ਹੈ। ਜੇ ਤੁਸੀਂ ਵੀ ਰੋਜ਼ਾਨਾ ਦੀ ਭੱਜ-ਦੌੜ ਤੋਂ ਬਰੇਕ ਲੈ ਕੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਯੋਜਨਾ ਬਣਾ ਰਹੇ ਹੋ,ਤਾਂ ਇਹ ਖ਼ਾਸ ਰਿਪੋਰਟ ਤੁਹਾਡੇ ਲਈ ਹੈ। ‘ਦਿ ਖ਼ਾਲਸ ਟੀਵੀ’ ਨੇ ਸਾਲ 2026 ਦੇ ਲਈ ਤੁਹਾਡੀਆਂ ਛੁੱਟੀਆਂ ਦੇ ਹਿਸਾਬ ਨਾਲ ਖ਼ਾਸ ਟਰੈਵਲ ਕਲੰਡਰ ਤਿਆਰ ਕੀਤਾ ਹੈ ਜਿਸ ਦੇ ਜ਼ਰੀਏ ਤੁਸੀਂ ਪਰਿਵਾਰ ਦੇ ਨਾਲ ਸਾਲ ਦੇ ਕਿਸੇ ਵੀ ਮਹੀਨੇ ਘੁੰਮਣ ਦਾ ਪ੍ਰੀ-ਪ੍ਰੋਗਰਾਮ ਬਣਾ ਸਕਦੇ ਹੋ। ਇਸ ਨਾਲ ਫਾਇਦਾ ਇਹ ਹੋਵੇਗਾ ਕਿ ਸਮੇਂ ਤੋਂ ਪਹਿਲਾਂ ਪ੍ਰੋਗਰਾਮ ਬਣਾਉਣ ਦੇ ਨਾਲ ਤੁਸੀਂ ਪ੍ਰੀ ਰੇਲ, ਹਵਾਈ ਟਿਕਟ ਅਤੇ ਹੋਟਲ ਬੁਕਿੰਗ ਨਾਲ ਮੋਟਾ ਡਿਸਕਾਊਂਟ ਹਾਸਲ ਛੋਟੇ ਬਜਟ ਵਿੱਚ ਮਜ਼ਾ ਕਰ ਸਕਦੇ ਹੋ।

2026 ਦੇ ਟਰੈਵਲ ਕੈਲੰਡਰ ਵਿੱਚ ਕਈ ਅਜਿਹੀਆਂ ਸਰਕਾਰੀ ਛੁੱਟੀਆਂ ਆ ਰਹੀਆਂ ਹਨ, ਜਿਨ੍ਹਾਂ ’ਤੇ ਸਿਰਫ਼ ਇੱਕ ਦਿਨ ਦੀ ‘ਸਮਾਰਟ ਲੀਵ’ ਲੈ ਕੇ 3 ਤੋਂ 4 ਦਿਨਾਂ ਦਾ ਟਰੈਵਲ ਪਲਾਨ ਬਣਾਇਆ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੇ ਕੋਈ ਸਰਕਾਰੀ ਛੁੱਟੀ ਵੀਕਐਂਡ, ਯਾਨੀ ਸ਼ਨੀਵਾਰ ਤੇ ਐਤਵਾਰ ਦੇ ਬਿਲਕੁਲ ਨੇੜੇ ਆ ਰਹੀ ਹੈ ਅਤੇ ਵਿਚਕਾਰ ਸਿਰਫ਼ ਇੱਕ ਵਰਕਿੰਗ ਡੇਅ, ਯਾਨੀ ਸੋਮਵਾਰ ਜਾਂ ਸ਼ੁੱਕਰਵਾਰ ਬਾਕੀ ਹੈ, ਤਾਂ ਉਸ ਦਿਨ ਦੀ ਇੱਕ ਵਾਧੂ ਛੁੱਟੀ ਲੈ ਕੇ ਤੁਸੀਂ ਆਪਣੇ ਵੀਕਐਂਡ ਨੂੰ 4 ਦਿਨਾਂ ਦੀ ਲੰਬੀ ਛੁੱਟੀ ਵਿੱਚ ਬਦਲ ਸਕਦੇ ਹੋ।

ਜਨਵਰੀ

23 ਜਨਵਰੀ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਦੀ ਛੁੱਟੀ ਹੈ ਅਤੇ 26 ਜਨਵਰੀ ਸੋਮਵਾਰ ਨੂੰ ਗਣਰਾਜ ਦਿਹਾੜਾ ਹੋਣ ਦੀ ਵਜ੍ਹਾ ਕਰਕੇ ਛੁੱਟੀ ਹੈ। ਸਰਕਾਰੀ ਵਿਭਾਗਾ ਅਤੇ ਕਾਰਪੋਰੇਟਿਵ ਦਫਤਰਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੈ ਅਜਿਹੇ ਵਿੱਚ ਤੁਸੀਂ 4 ਦਿਨਾਂ ਦੇ ਮੈਗਾ ਵੀਕਐਂਡ ਦੇ ਨਾਲ ਇੱਕ ਹੋਰ ਵਾਧੂ ਛੁੱਟੀ ਲੈ ਕੇ ਕਿਧਰੇ ਦੂਰ ਘੁੰਮਣ ਦਾ ਪ੍ਰੋਗਰਾਮ ਬਣਾ ਸਕਦੇ ਹੋ। ਨਵੇਂ ਸਾਲ ਦੇ ਪਹਿਲੇ ਮਹੀਨੇ ਜੇਕਰ ਤੁਸੀਂ ਪਰਿਵਾਰ ਨੂੰ ਘੁਮਾ ਦਿੱਤਾ ਤਾਂ ਪੁਰਾਣੇ ਸਾਲ ਦੇ ਗਿਲੇ ਸ਼ਿਕਵੇ ਵੀ ਦੂਰ ਹੋ ਜਾਣਗੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਪਰਿਵਾਰ ਪੂਰੇ ਜੋਸ਼ ਨਾਲ ਲਬਰੇਜ਼ ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰ ਸਕੇਗਾ।

ਜਨਵਰੀ ਦੇ ਨਾਲ ਬਾਅਦ ਫਰਵਰੀ ਛੁੱਟੀਆਂ ਦੇ ਲਿਹਾਜ਼ ਨਾਲ ਡ੍ਰਾਈ ਹੈ ਕਿਉਂਕਿ ਇਸ ਮਹੀਨੇ ਅਜਿਹੀ ਕੋਈ ਛੁੱਟੀ ਨਹੀਂ ਆ ਰਹੀ ਜਿਸ ਦੇ ਜ਼ਰੀਏ ਤੁਸੀਂ ਟਰੈਵਲ ਪ੍ਰੋਗਰਾਮ ਬਣਾ ਸਕੋ।

ਮਾਰਚ

ਫਰਵਰੀ ਛੁੱਟੀਆਂ ਦੇ ਲਿਹਾਜ਼ ਨਾਲ ਡ੍ਰਾਈ ਹੈ ਪਰ ਮਾਰਚ ਦੇ ਅਖ਼ੀਰਲੇ ਹਫਤੇ ਤੁਸੀਂ ਜ਼ਰੂਰ ਘੁੰਮਣ ਦਾ ਸ਼ਾਰਟ ਟੂਰ ਪਲਾਨ ਕਰ ਸਕਦੇ ਹੋ। 23 ਮਾਰਚ ਸੋਮਵਾਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਛੁੱਟੀ ਹੈ। 21 ਮਾਰਚ ਨੂੰ ਸ਼ਨੀਵਾਰ ਅਤੇ 22 ਮਾਰਚ ਨੂੰ ਐਤਵਾਰ ਹੈ ਯਾਨੀ 3 ਛੁੱਟੀਆਂ ਦੇ ਨਾਲ ਤੁਸੀਂ ਪਰਿਵਾਰ ਦੇ ਸਮੇਤ ਹਿਮਾਚਲ ਦੇ ਪਹਾੜਾਂ ਦੀ ਸੈਰ ਕਰਨ ਦੇ ਨਾਲ ਸੂਬੇ ਵਿੱਚ ਮੌਜੂਦ ਸ਼ਹੀਦੀ ਥਾਵਾਂ ’ਤੇ ਬੱਚਿਆ ਨੂੰ ਲਿਜਾ ਸਕਦੇ ਹੋ, ਜਿੱਥੇ ਜਾ ਕੇ ਤੁਹਾਡੇ ਬੱਚੇ ਆਪਣੇ ਇਤਿਹਾਸ ਨਾਲ ਜੁੜ ਸਕਦੇ ਹਨ।

ਅਪ੍ਰੈਲ

ਅਪ੍ਰੈਲ ਮਹੀਨਾ ਤੁਹਾਨੂੰ 2 ਵਾਰ ਘੁੰਮਣ ਦਾ ਮੌਕਾ ਦੇ ਰਿਹਾ ਹੈ। ਪਹਿਲਾਂ ਮੌਕਾ ਮਹੀਨੇ ਦੇ ਪਹਿਲੇ ਹਫ਼ਤੇ ਮਿਲ ਜਾਵੇਗਾ ਦੂਜਾ ਮੌਕਾ ਮਹੀਨੇ ਦੇ ਦੂਜੇ ਹਫ਼ਤੇ ਮਿਲੇਗਾ । 3 ਅਪ੍ਰੈਲ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਹੈ, 4 ਨੂੰ ਸ਼ਨੀਵਾਰ ਅਤੇ 5 ਅਪ੍ਰੈਲ ਨੂੰ ਐਤਵਾਰ 6 ਅਪ੍ਰੈਲ ਸੋਮਵਾਰ ਨੂੰ ਜੇਕਰ ਤੁਸੀਂ ਛੁੱਟੀ ਲੈ ਸਕਦੇ ਹੋ ਤਾਂ 4 ਦਿਨ ਦਾ ਪ੍ਰੋਗਰਾਮ ਅਸਾਨੀ ਨਾਲ ਬਣਾ ਸਕਦੇ ਹੋ।

ਇਸ ਤੋਂ ਇਲ਼ਾਵਾ 13 ਅਪ੍ਰੈਲ ਸੋਮਵਾਰ ਨੂੰ ਵਿਸਾਖੀ ਹੈ ਅਤੇ 14 ਅਪ੍ਰੈਲ ਮੰਗਲਵਾਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਹੈ, ਦੋਵੇਂ ਗਜ਼ਟਿਡ ਛੁੱਟੀਆਂ ਦੇ ਨਾਲ 11 ਅਪ੍ਰੈਲ ਸ਼ਨੀਵਾਰ ਅਤੇ 12 ਅਪ੍ਰੈਲ ਐਤਵਾਰ ਨੂੰ ਮਿਲਾ ਲਈਏ ਤਾਂ 4 ਦਿਨ ਛੁੱਟੀ ਦੇ ਜ਼ਰੀਏ ਤੁਸੀਂ ਨਿਕਲ ਜਾਓ ਦੋਸਤਾਂ ਜਾਂ ਪਰਿਵਾਰ ਦੇ ਨਾਲ ਲੰਮੇ ਬ੍ਰੇਕ ’ਤੇ ਤਰੋ ਤਾਜ਼ਾ ਹੋਣ ਲਈ।

ਇਸ ਤੋਂ ਇਲਾਵਾ ਤੁਸੀਂ ਵਿਸਾਖੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਰਿਵਾਰ ਨਾਲ ਧਾਰਮਿਕ ਥਾਵਾਂ ’ਤੇ ਜਾ ਸਕਦੇ ਹਨ ਜਿਵੇਂ ਤਖ਼ਤ ਦਮਦਮਾ ਸਾਹਿਬ, ਸ੍ਰੀ ਆਨੰਪੁਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ।

ਮਈ

ਮਈ ਵਿੱਚ ਅਪ੍ਰੈਲ ਵਾਂਗ ਤੁਹਾਨੂੰ ਮੌਜ ਨਹੀਂ ਹੈ। ਸਿਰਫ਼ ਪਹਿਲੇ ਹਫ਼ਤੇ ਵਿੱਚ ਹੀ ਘੁੰਮਣ ਦਾ ਮੌਕਾ ਹੈ। 1 ਮਈ ਸ਼ੁੱਕਰਵਾਰ ਨੂੰ ਬੁੱਧ ਪੂਰਨਿਮਾ ਹੈ, 2 ਮਈ ਸ਼ਨੀਵਾਰ ਅਤੇ 3 ਮਈ ਨੂੰ ਐਤਵਾਰ ਤਿੰਨ ਦਿਨ ਤੁਸੀਂ ਘੁੰਮਣ ਦਾ ਪਲਾਨ ਬਣਾ ਸਕਦੇ ਹੋ। ਜੇਕਰ ਜ਼ਿਆਦਾ ਦੂਰ ਜਾਣਾ ਹੈ ਤਾਂ 4 ਮਈ ਨੂੰ ਦਫ਼ਤਰ ਤੋਂ ਛੁੱਟੀ ਲੈ ਕੇ ਤੁਹਾਡਾ ਵਕੇਸ਼ਨ 4 ਦਿਨਾਂ ਦਾ ਹੋ ਸਕਦਾ ਹੈ।

ਜੂਨ

ਜੂਨ ਵਿੱਚ ਵੀ ਤੁਹਾਨੂੰ ਮਹੀਨੇ ਦੇ ਤੀਜੇ ਅਤੇ ਚੌਥੇ ਹਫ਼ਤੇ ਘੁੰਮਣ ਦਾ ਪਰਿਵਾਰ ਅਤੇ ਦੋਸਤਾਂ ਨਾਲ ਮੌਕਾ ਮਿਲ ਸਕਦਾ ਹੈ। ਤੁਸੀਂ 18 ਜੂਨ ਤੋਂ 21 ਜੂਨ ਤੱਕ ਵੈਕੇਸ਼ਨ ਦਾ ਪਲਾਨ ਕਰ ਸਕਦੇ ਹੋ। 18 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦਾ ਦਿਹਾੜਾ ਹੈ। 19 ਜੂਨ ਸ਼ੁੱਕਰਵਾਰ ਛੁੱਟੀ ਲੈ ਸਕਦੇ ਹੋ 20 ਅਤੇ 21 ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਦੀ ਵਜ੍ਹਾ ਕਰਕੇ ਤੁਸੀਂ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਜਾ ਸਕਦੇ ਹੋ ਇਸ ਤੋਂ ਇਲਾਵਾ ਆਲੇ ਦੁਆਲੇ ਹਿੱਲ ਸਟੇਸ਼ਨ ਵੀ ਜਾ ਸਕਦੇ ਹੋ ਕਿਉਂਕਿ ਜੂਨ ਮਹੀਨੇ ਵਿੱਚ ਗਰਮੀ ਵੀ ਕਾਫੀ ਹੁੰਦੀ ਹੈ। ਇਸ ਤੋਂ ਇਲਾਵਾ 29 ਜੂਨ ਸੋਮਵਾਰ ਨੂੰ ਈ-ਉਲ-ਫਿਤਰ ਦੀ ਛੁੱਟੀ ਹੈ ਤੁਸੀਂ 27 ਜੂਨ ਸ਼ਨੀਵਾਰ ਅਤੇ 28 ਜੂਨ ਐਤਵਾਰ ਦੀ ਛੁੱਟੀ ਦੇ ਨਾਲ ਆਲੇ ਦੁਆਲੇ ਘੁੰਮ ਸਕਦੇ ਹੋ।

ਜੁਲਾਈ ਤੇ ਅਗਸਤ

ਵਕੇਸ਼ਨ ਕਲੰਡਰ ਮੁਤਾਬਿਕ ਜੁਲਾਈ ਅਤੇ ਅਗਸਤ ਵਿੱਚ ਸਿਰਫ ਇੱਕ ਮੌਕਾ ਹੀ ਅਜਿਹਾ ਆ ਰਿਹਾ ਜਦੋਂ ਤੁਸੀਂ ਪਰਿਵਾਰ ਜਾਂ ਦੋਸਤਾਂ ਨਾਲ ਆਊਟਿੰਗ ’ਤੇ ਜਾ ਸਕਦੇ ਹੋ। 31 ਜੁਲਾਈ ਸ਼ੁੱਕਵਾਰ ਸ਼ਹੀਦ ਊਧਮ ਸਿੰਘ ਦਾ ਸ਼ਹੀਦਾ ਦਿਹਾੜਾ ਹੈ। 1 ਅਗਸਤ ਤੋਂ 2 ਅਗਸਤ ਦੇ ਵਿਚਾਲੇ ਵੀਕਐਂਡ ਹੈ ਤੁਸੀਂ ਤਿੰਨ ਛੁੱਟੀਆਂ ਨੂੰ ਮਿਲਾ ਕੇ ਆਲੇ-ਦੁਆਲੇ ਘੁੰਮਣ ਦਾ ਪ੍ਰੋਗਰਾਮ ਬਣਾ ਸਕਦੇ ਹੋ।

ਸਤੰਬਰ

ਸਤੰਬਰ ਮਹੀਨੇ ਵਿੱਚ ਵੀ ਤੁਹਾਨੂੰ ਸਿਰਫ਼ ਇੱਕ ਵਾਰ ਹੀ ਘੁੰਮਣ ਦਾ ਮੌਕਾ ਮਿਲ ਸਕਦਾ ਹੈ। 4 ਸਤੰਬਰ ਸ਼ੁੱਕਵਾਰ ਨੂੰ ਜਨਮ ਅਸ਼ਟਮੀ ਹੈ। 5 ਅਤੇ 6 ਨੂੰ ਵੀਕੈਂਡ ਨੂੰ ਮਿਲਾ ਕੇ ਜੇਕਰ ਤੁਸੀਂ 7 ਸਤੰਬਰ ਨੂੰ ਛੁੱਟੀ ਕਰ ਲੈਂਦੇ ਹੋ ਤਾਂ ਤੁਸੀਂ 4 ਦਿਨਾਂ ਦੇ ਲਈ ਕਿਸੇ ਧਾਰਮਿਕ ਜਾਂ ਫਿਰ ਦੂਜੀ ਯਾਤਰਾ ’ਤੇ ਜਾ ਸਕਦੇ ਹੋ।

ਅਕਤੂਬਰ

ਅਕਤੂਬਰ ਮਹੀਨੇ ਵਿੱਚ ਵੀ ਤੁਹਾਨੂੰ 2 ਵਾਰ ਘੁੰਮਣ ਦਾ ਮੌਕਾ ਮਿਲ ਸਕਦਾ ਹੈ, ਪਹਿਲਾ ਮੌਕਾ ਮਹੀਨੇ ਦੇ ਸ਼ੁਰੂਆਤ ਵਿੱਚ ਮਿਲੇਗਾ ਜਦਕਿ ਦੂਜਾ ਅਖ਼ੀਰਲੇ ਹਫਤੇ, 2 ਅਕਤੂਬਰ ਸ਼ੁੱਕਵਾਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਹੈ, 3 ਅਤੇ 4 ਅਕਤੂਬਰ ਨੂੰ ਵੀਕਐਂਡ ਹੈ ਤੁਸੀਂ ਆਲ-ਦੁਆਲੇ ਪਰਿਵਾਰ ਜਾ ਫਿਰ ਦੋਸਤਾਂ ਨਾਲ ਆਊਟਿੰਗ ਦਾ ਪ੍ਰੋਗਰਾਮ ਬਣਾ ਸਕਦੇ ਹੋ। ਅਕਤੂਬਰ ਵਿੱਚ ਦੂਜਾ ਮੌਕਾ ਤੁਸੀਂ 24 ਅਕਤੂਬਰ ਤੋਂ 26 ਅਕਤੂਬਰ ਦੇ ਵਿਚਾਲੇ ਹਾਸਲ ਕਰ ਸਕਦੇ ਹੋ। 24 ਅਤੇ 25 ਅਕਤੂਬਰ ਨੂੰ ਵੀਕਐਂਡ ਜਦਕਿ 26 ਅਕਤੂਬਰ ਸੋਮਵਾਰ ਨੂੰ ਮਹਾਰਿਸ਼ੀ ਵਾਲਮੀਕੀ ਜਯੰਤੀ ਹੈ।

ਨਵੰਬਰ

ਨਵੰਬਰ ਵਿੱਚ ਵੀ ਤੁਹਾਨੂੰ 2 ਵਾਰ ਘੁੰਮਣ ਦਾ ਮੌਕਾ ਮਿਲੇਗਾ। 8 ਨਵੰਬਰ ਐਤਵਾਰ ਨੂੰ ਦੀਵਾਲੀ ਹੋਣ ਦੀ ਵਜ੍ਹਾ ਕਰਕੇ ਤੁਹਾਨੂੰ ਇੱਕ ਸਰਕਾਰੀ ਛੁੱਟੀ ਦਾ ਨੁਕਸਾਨ ਹੋ ਰਿਹਾ ਹੈ ਪਰ ਅਗਲੇ ਦਿਨ 9 ਨਵੰਬਰ ਨੂੰ ਵਿਸ਼ਵਕਰਮਾ ਦਿਹਾੜੇ ਦੀ ਛੁੱਟੀ ਹੈ ਇਸੇ ਤਰ੍ਹਾਂ 7 ਨਵੰਬਰ ਸ਼ਨੀਵਾਰ ਨੂੰ ਮਿਲਾ ਲਓ ਤਾਂ ਤੁਸੀਂ ਤਿੰਨ ਦਿਨ ਪਰਿਵਾਰ ਦੇ ਨਾਲ ਘਰ ਵਿੱਚ ਹੀ ਤਿਓਹਾਰ ਦਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਵੈਕੇਸ਼ਨ ਦਾ ਦੂਜਾ ਮੌਕਾ ਤੁਹਾਨੂੰ 21 ਨਵੰਬਰ ਤੋਂ 24 ਨਵੰਬਰ ਦੇ ਵਿਚਾਲੇ ਮਿਲ ਸਕਦਾ ਹੈ। 24 ਨਵੰਬਰ ਮੰਗਲਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ, 21 ਅਤੇ 22 ਨਵੰਬਰ ਨੂੰ ਵੀਕਐਂਡ ਦੀ ਛੁੱਟੀ ਹੈ ਜੇ ਤੁਸੀਂ 23 ਨਵੰਬਰ ਸੋਮਵਾਰ ਛੁੱਟੀ ਲੈਂਦੇ ਹੋ ਤਾਂ ਪ੍ਰਕਾਸ਼ ਦਿਹਾੜੇ ਦੀਆਂ ਰੋਣਕਾਂ ਦੇ ਨਾਲ ਪਰਿਵਾਰ ਦੇ ਨਾਲ ਛੋਟੀ-ਮੋਟੀ ਆਊਟਿੰਗ ’ਤੇ ਵੀ ਜਾ ਸਕਦੇ ਹੋ।

ਦਸੰਬਰ

ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿੱਚ 2 ਮੌਕੇ ਘੁੰਮਣ ਦੇ ਮਿਲ ਸਕਦੇ ਹਨ, 14 ਦਸੰਬਰ ਸੋਮਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ 12 ਅਤੇ 13 ਦਸੰਬਰ ਨੂੰ ਵੀਕਐਂਡ ਹੋਣ ਦੀ ਵਜ੍ਹਾ ਕਰਕੇ ਛੁੱਟੀ ਹੈ ਤੁਸੀਂ ਪਰਿਵਾਰ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਲਈ ਧਾਰਮਿਕ ਯਾਤਰਾ ਦਾ ਪ੍ਰੋਗਰਾਮ ਵੀ ਬਣ ਸਕਦੇ ਹੋ।

ਅਖ਼ੀਰ ਵਿੱਚ ਸਾਲ 2026 ਵਿੱਚ ਜੇ ਨਵੇਂ ਸਾਲ 2027 ਦੀ ਪਾਰਟੀ ਲਈ ਕਿਤੇ ਘੁੰਮਣ ਜਾਣਾ ਹੈ ਤਾਂ ਸਾਲ ਦਾ ਆਖ਼ਰੀ ਵੱਡਾ ਮੌਕਾ, 25 ਦਸੰਬਰ ਸ਼ੁੱਕਰਵਾਰ ਤੋਂ 27 ਦਸੰਬਰ ਐਤਵਾਰ ਤੱਕ ਦਾ ਹੈ। 25 ਨੂੰ ਕ੍ਰਿਸਮਸ ਹੈ ਬਾਕੀ ਅਗਲੇ 2 ਦਿਨ ਵੀਕਐਂਡ ਦੀਆਂ ਛੁੱਟੀਆਂ ਹਨ।

ਸੋ, ਇਸ ਤਰ੍ਹਾਂ ਨਾਲ ਜੇਕਰ ਤੁਸੀਂ ਇੱਕ ਸਹੀ ਸਿਸਟਮ ਅਤੇ ਸਮਾਰਟ ਪਲਾਨਿੰਗ ਨਾਲ ਚੱਲਦੇ ਹੋ, ਤਾਂ ਤੁਸੀਂ ਆਪਣੇ ਪਰਿਵਾਰ ਨਾਲ ਇੱਕ ਬੇਹੱਦ ਯਾਦਗਾਰ ਫੈਮਿਲੀ ਟ੍ਰਿਪ ਦਾ ਆਨੰਦ ਮਾਣ ਸਕਦੇ ਹੋ। ਯਾਦ ਰੱਖੋ, ਜ਼ਿੰਦਗੀ ਸਿਰਫ਼ ਕੰਮ ਦਾ ਨਾਮ ਨਹੀਂ, ਸਗੋਂ ਆਪਣਿਆਂ ਨਾਲ ਬਿਤਾਏ ਹੋਏ ਇਹ ਸੁਨਹਿਰੀ ਪਲ ਹੀ ਸਾਡੀ ਅਸਲ ਕਮਾਈ ਹਨ। ਹੁਣ ਤੋਂ ਹੀ ਆਪਣੀਆਂ ਤਰੀਕਾਂ ਤੈਅ ਕਰੋ ਅਤੇ ਬੁਕਿੰਗਜ਼ ਸ਼ੁਰੂ ਕਰੋ ਤਾਂ ਜੋ ਐਨ ਮੌਕੇ ’ਤੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮਹੀਨਾ ਤਰੀਕ ਅਤੇ ਦਿਨ ਛੁੱਟੀ ਦਾ ਮੌਕਾ ਵੀਕਐਂਡ ਪਲਾਨ
ਜਨਵਰੀ 23 ਜਨਵਰੀ (ਸ਼ੁੱਕਰ) – 26 ਜਨਵਰੀ (ਸੋਮ) ਬਸੰਤ ਪੰਚਮੀ ਅਤੇ ਗਣਤੰਤਰ ਦਿਵਸ 4 ਦਿਨਾਂ ਦਾ ਮੈਗਾ ਵੀਕਐਂਡ! (ਕੋਈ ਵਾਧੂ ਛੁੱਟੀ ਨਹੀਂ)
ਮਾਰਚ 21 ਮਾਰਚ (ਸ਼ਨੀ) – 23 ਮਾਰਚ (ਸੋਮ) ਸ਼ਹੀਦੀ ਦਿਵਸ (ਸ. ਭਗਤ ਸਿੰਘ ਜੀ) 3 ਦਿਨਾਂ ਦਾ ਬਰੇਕ: ਸ਼ਨੀਵਾਰ ਤੋਂ ਸੋਮਵਾਰ।
ਅਪ੍ਰੈਲ 3 ਅਪ੍ਰੈਲ (ਸ਼ੁੱਕਰ) – 5 ਅਪ੍ਰੈਲ (ਐਤ) ਗੁੱਡ ਫਰਾਈਡੇ 3 ਦਿਨਾਂ ਦਾ ਵੀਕਐਂਡ।
ਅਪ੍ਰੈਲ 11 ਅਪ੍ਰੈਲ (ਸ਼ਨੀ) – 14 ਅਪ੍ਰੈਲ (ਮੰਗਲ) ਵਿਸਾਖੀ / ਡਾ. ਅੰਬੇਡਕਰ ਜਯੰਤੀ ਸਮਾਰਟ ਪਲਾਨ: 13 ਅਪ੍ਰੈਲ ਦੀ ਛੁੱਟੀ ਲਓ, 4 ਦਿਨ ਮਿਲਣਗੇ।
ਮਈ 1 ਮਈ (ਸ਼ੁੱਕਰ) – 3 ਮਈ (ਐਤ) ਮਜ਼ਦੂਰ ਦਿਵਸ/ ਬੁੱਧ ਪੂਰਨਿਮਾ 3 ਦਿਨਾਂ ਦਾ ਵੀਕਐਂਡ।
ਜੂਨ 18 ਜੂਨ (ਵੀਰ) – 21 ਜੂਨ (ਐਤ) ਸ਼ਹੀਦੀ ਦਿਵਸ (ਸ਼੍ਰੀ ਗੁਰੂ ਅਰਜਨ ਦੇਵ ਜੀ) ਸਮਾਰਟ ਪਲਾਨ: 19 ਜੂਨ ਦੀ ਛੁੱਟੀ ਲਓ, 4 ਦਿਨ ਮਿਲਣਗੇ।
ਜੂਨ 27 ਜੂਨ (ਸ਼ਨੀ) – 29 ਜੂਨ (ਸੋਮ) ਈਦ-ਉਲ-ਫ਼ਿਤਰ (Eid) 3 ਦਿਨਾਂ ਦਾ ਵੀਕਐਂਡ: ਸ਼ਨੀ, ਐਤ ਅਤੇ ਸੋਮਵਾਰ।
ਜੁਲਾਈ 31 ਜੁਲਾਈ (ਸ਼ੁੱਕਰ) – 2 ਅਗਸਤ (ਐਤ) ਸ਼ਹੀਦੀ ਦਿਵਸ (ਸ਼ਹੀਦ ਊਧਮ ਸਿੰਘ) 3 ਦਿਨਾਂ ਦਾ ਵੀਕਐਂਡ।
ਸਤੰਬਰ 4 ਸਤੰਬਰ (ਸ਼ੁੱਕਰ) – 6 ਸਤੰਬਰ (ਐਤ) ਜਨਮ ਅਸ਼ਟਮੀ 3 ਦਿਨਾਂ ਦਾ ਵੀਕਐਂਡ।
ਅਕਤੂਬਰ 2 ਅਕਤੂਬਰ (ਸ਼ੁੱਕਰ) – 4 ਅਕਤੂਬਰ (ਐਤ) ਗਾਂਧੀ ਜਯੰਤੀ 3 ਦਿਨਾਂ ਦਾ ਵੀਕਐਂਡ।
ਅਕਤੂਬਰ 17 ਅਕਤੂਬਰ (ਸ਼ਨੀ) – 20 ਅਕਤੂਬਰ (ਮੰਗਲ) ਦੁਸਹਿਰਾ ਸਮਾਰਟ ਪਲਾਨ: 19 ਅਕਤੂਬਰ ਦੀ ਛੁੱਟੀ ਲਓ, 4 ਦਿਨ ਮਿਲਣਗੇ।
ਅਕਤੂਬਰ 24 ਅਕਤੂਬਰ (ਸ਼ਨੀ) – 26 ਅਕਤੂਬਰ (ਸੋਮ) ਮਹਾਰਿਸ਼ੀ ਵਾਲਮੀਕਿ ਜਯੰਤੀ 3 ਦਿਨਾਂ ਦਾ ਵੀਕਐਂਡ।
ਨਵੰਬਰ 7 ਨਵੰਬਰ (ਸ਼ਨੀ) – 9 ਨਵੰਬਰ (ਸੋਮ) ਦੀਵਾਲੀ ਅਤੇ ਵਿਸ਼ਵਕਰਮਾ ਦਿਵਸ 3 ਦਿਨਾਂ ਦਾ ਤਿਉਹਾਰੀ ਵੀਕਐਂਡ।
ਨਵੰਬਰ 21 ਨਵੰਬਰ (ਸ਼ਨੀ) – 24 ਨਵੰਬਰ (ਮੰਗਲ) ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਮਾਰਟ ਪਲਾਨ: 23 ਨਵੰਬਰ ਦੀ ਛੁੱਟੀ ਲਓ, 4 ਦਿਨ ਮਿਲਣਗੇ।
ਦਸੰਬਰ 12 ਦਸੰਬਰ (ਸ਼ਨੀ) – 14 ਦਸੰਬਰ (ਸੋਮ) ਸ਼ਹੀਦੀ ਦਿਵਸ (ਸ਼੍ਰੀ ਗੁਰੂ ਤੇਗ ਬਹਾਦਰ ਜੀ) 3 ਦਿਨਾਂ ਦਾ ਵੀਕਐਂਡ।
ਦਸੰਬਰ 25 ਦਸੰਬਰ (ਸ਼ੁੱਕਰ) – 27 ਦਸੰਬਰ (ਐਤ) ਕ੍ਰਿਸਮਸ 3 ਦਿਨਾਂ ਦਾ ਵੀਕਐਂਡ।