Punjab

“ਜੇ SGPC ਉੱਤੋਂ ਮਸੰਦਾਂ ਦਾ ਕਬਜ਼ਾ ਹਟ ਜਾਵੇ ਫੇਰ ਗੁਰਦਵਾਰਾ ਸਾਹਿਬ ਵਿੱਚ ਕੁਰਸੀਆਂ ਦੇ ਮਾਮਲੇ ‘ਤੇ ਅੰਮ੍ਰਿਤਪਾਲ ਸਿੰਘ ਨੂੰ ਬੋਲਣ ਦੀ ਲੋੜ ਹੀ ਕਿਉਂ ਪਵੇ?”ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਪਾਲ ਸਿੰਘ ਦੇ ਗੁਰੂਘਰਾਂ ਚੋਂ ਕੁਰਸੀਆਂ ਬਾਹਰ ਕੱਢਵਾਉਣ ਦੇ ਐਲਾਨ ਤੇ ਕਾਰਵਾਈ ਦੀ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸ਼ਲਾਘਾ ਕੀਤੀ ਹੈ ਤੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਚੋਂ ਮਸੰਦਾ ਦਾ ਕਬਜਾ ਹੱਟ ਜਾਵੇ ਤਾਂ ਅਮ੍ਰਿਤਪਾਲ ਨੂੰ ਅਜਿਹੀ ਕਾਰਵਾਈ ਦੀ ਲੋੜ ਨਹੀਂ ਰਹੇਗੀ। ਉਹਨਾਂ ਇਹ ਵੀ ਕਿਹਾ ਹੈ ਕਿ ਇਹ ਤਾਂ ਆਪੋ ਆਪਣੀ ਸਮਝ ‘ਤੇ ਨਿਰਭਰ ਹੈ । ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ ਤੇ ਕਮੇਟੀ ਵੱਲੋਂ ਇਹ ਮਤਾ ਪਾਸ ਹੋ ਜਾਵੇ ਕਿ ਗੁਰੂ ਘਰਾਂ ਵਿੱਚ ਕੁਰਸੀਆਂ ਨਹੀਂ ਰੱਖਣੀਆਂ ਤਾਂ ਅੰਮ੍ਰਿਤਪਾਲ ਨੂੰ ਕੀ ਲੋੜ ਹੈ ਇਹ ਸਭ ਕਰਨ ਦੀ?

ਜੇਕਰ SGPC ਤੇ ਸਾਲਾਂ ਤੋਂ ਕਾਬਜ ਮਸੰਦ ਕੋਈ ਕਾਰਵਾਈ ਨਹੀਂ ਕਰਨਗੇ ਤਾਂ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਆ ਕੇ ਇਹ ਕਾਰਵਾਈ ਕਰਨੀ ਹੀ ਪਏਗੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ 328 ਸਰੂਪਾਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਹੈ ਕਿ ਇਸ ਬਾਰੇ ਸਿੱਖ ਕੋਰਟ ਵਿੱਚ ਕੇਸ ਚੱਲ ਰਿਹਾ ਹੈ।ਮਾਨ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਮਨੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਹਨ ਪਰ ਉਹਨਾਂ ਵੀ ਇਹ ਮਾਮਲਾ ਨਹੀਂ ਚੁੱਕਿਆ। ਉਹਨਾਂ ਸਵਾਲ ਕੀਤਾ ਹੈ ਕਿ ਕੁਰਸੀਆਂ ਦੇ ਮਾਮਲੇ ‘ਤੇ ਰੌਲਾ ਪਾਉਣ ਵਾਲੇ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਦਾ ਦਾਅਵਾ ਕਰਨ ਵਾਲੇ ਲਾਪਤਾ ਹੋਏ 328 ਸਰੂਪਾਂ ਤੇ ਸੰਗਤ ‘ਤੇ ਚਲਾਈ ਗੋਲੀ ਬਾਰੇ ਬਾਦਲਾਂ ਨੂੰ ਸਵਾਲ ਕਿਉਂ ਨਹੀਂ ਕਰਦੇ?

ਪਾਕਿਸਤਾਨ ਵਿੱਚ ਸਿੱਖ ਧਰਮ ਨੂੰ ਵੱਖਰੇ ਧਰਮ ਦੀ ਮਾਨਤਾ ਮਿਲਣ ਤੋਂ ਬਾਅਦ ਉਹਨਾਂ ਇਸ ‘ਤੇ ਖੁਸ਼ੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਭਾਰਤ ਵਿੱਚ ਵੀ ਅਜਿਹਾ ਹੋਣਾ ਚਾਹੀਦਾ ਹੈ ਪਰ ਅਫਸੋਸ ਹੈ ਕਿ ਭਾਰਤ ਵਿੱਚ ਅਜਿਹਾ ਨਹੀਂ ਹੈ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਮੰਨਿਆਂ ਜਾਂਦਾ ਹੈ । ਸਿੱਖਾਂ ਨੂੰ ਭਾਰਤ ਵਿੱਚ ਅਲੱਗ ਧਰਮ ਦਾ ਦਰਜਾ ਲੈਣ ਲਈ ਇਕੱਠੇ ਹੋਣਾ ਪਵੇਗਾ।
ਅੰਮ੍ਰਿਤਪਾਲ ਸਿੰਘ ਵੱਲੋਂ ਚਲਾਈ ਗਈ ਮੁਹਿੰਮ ਖਾਲਸਾ ਵਹੀਰ ਨੂੰ ਵੀ ਮਾਨ ਨੇ ਸਰਾਹਿਆ ਹੈ ਤੇ ਕਿਹਾ ਹੈ ਕਿ ਉਹ ਧਰਮ ਪ੍ਰਚਾਰ ਕਰ ਰਿਹਾ ਹੈ,ਜੋ ਕਿ ਵਧੀਆ ਗੱਲ ਹੈ।